Film ILLTI Teaser:ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਓਏ ਭੋਲੇ ਓਏ' ਨਾਲ ਸਭ ਦੇ ਦਿਲਾਂ ਉਤੇ ਰਾਜ਼ ਕਰਨ ਵਾਲੇ ਅਦਾਕਾਰ ਜਗਜੀਤ ਸੰਧੂ ਇਸ ਸਮੇਂ ਆਪਣੀ ਨਵੀਂ ਫਿਲਮ 'ਇੱਲਤੀ' ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਅਦਾਕਾਰ ਨੇ ਇਸ ਫਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਕਿਸ ਵਿਸ਼ੇ ਉਤੇ ਆਧਾਰਿਤ ਹੈ ਫਿਲਮ
ਅਦਾਕਾਰ ਦੁਆਰਾ ਸਾਂਝਾ ਕੀਤਾ ਫਿਲਮ 'ਇੱਲਤੀ' ਦਾ ਟੀਜ਼ਰ ਕਾਫੀ ਵੱਖਰੇ ਵਿਸ਼ੇ ਉਪਰ ਆਧਾਰਿਤ ਹੈ, ਟੀਜ਼ਰ ਇੱਕ ਸੰਨਸਾਨ ਜਗ੍ਹਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਇੱਕ ਬਿਨ੍ਹਾਂ ਕੱਪੜਿਆਂ ਵਾਲਾ ਵਿਅਕਤੀ ਸੰਖ ਵਜਾਉਂਦਾ ਨਜ਼ਰੀ ਪੈਂਦਾ ਹੈ। ਫਿਰ ਟੀਜ਼ਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ-ਚਾਰ ਵਿਅਕਤੀ ਮਿਲ ਕੇ ਪਹੀਏ ਬਣਾ ਰਹੇ ਹਨ। ਇਸ ਤੋਂ ਬਾਅਦ ਅਦਾਕਾਰਾ ਤਾਨੀਆ ਦੀ ਐਂਟਰੀ ਹੁੰਦੀ ਹੈ। ਟੀਜ਼ਰ ਦੀ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਹਰ ਕਿਰਦਾਰ ਨੇ ਪੱਤਿਆਂ ਨਾਲ ਆਪਣੇ ਸਰੀਰ ਨੂੰ ਢੱਕਿਆਂ ਹੋਇਆ ਹੈ।
ਹੁਣ ਜੇਕਰ ਦੂਜੇ ਸ਼ਬਦਾਂ ਵਿੱਚ ਟੀਜ਼ਰ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਉਸ ਸਮੇਂ ਦੇ ਇਨਸਾਨ ਬਾਰੇ ਗੱਲ ਕਰਦੀ ਹੈ, ਜਿਸ ਸਮੇਂ ਇਨਸਾਨ ਕੋਲ ਹੁਣ ਜਿੰਨੀਆਂ ਸੁਖ ਸਹੂਲਤਾਂ ਨਹੀਂ ਸਨ, ਅੱਗ ਦੀ ਕਾਢ, ਕੱਪੜਿਆਂ ਦੀ ਕਾਢ, ਪਹੀਏ ਦੀ ਕਾਢ ਵਰਗੇ ਮੁੱਦਿਆਂ ਉਤੇ ਆਧਾਰਿਤ ਇਸ ਫਿਲਮ ਦੇ ਟੀਜ਼ਰ ਵਿੱਚ ਇੱਕ ਵੀ ਡਾਇਲਾਗ ਨਹੀਂ ਹੈ, ਜੋ ਦਰਸ਼ਕਾਂ ਦਾ ਸਭ ਤੋਂ ਜਿਆਦਾ ਧਿਆਨ ਖਿੱਚ ਰਿਹਾ ਹੈ, ਇਸ ਤੋਂ ਇਲਾਵਾ ਅਦਾਕਾਰ ਜਗਜੀਤ ਸੰਧੂ ਦੇ ਹਾਵ-ਭਾਵ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ।