ਫਰੀਦਕੋਟ: ਸਾਲ 2008 ਵਿੱਚ ਰਿਲੀਜ਼ ਹੋਈ ਅਤੇ ਪ੍ਰਸਿੱਧੀ ਹਾਸਿਲ ਕਰਨ ਵਿੱਚ ਸਫ਼ਲ ਰਹੀ ਬੱਬੂ ਮਾਨ ਸਟਾਰਰ ਪੰਜਾਬੀ ਫ਼ਿਲਮ 'ਹਸ਼ਰ' ਦਾ ਪ੍ਰਭਾਵੀ ਹਿੱਸਾ ਰਹੇ ਡੈਵੀ ਸਿੰਘ ਲੰਮੇਂ ਸਮੇਂ ਬਾਅਦ ਇੱਕ ਵਾਰ ਮੁੜ ਪਾਲੀਵੁੱਡ ਵਿੱਚ ਵਾਪਸੀ ਕਰਨ ਜਾ ਹਨ। ਅਦਾਕਾਰ ਡੈਵੀ ਸਿੰਘ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫ਼ਿਲਮ 'ਬਦਨਾਮ' ਵਿੱਚ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਬਤੌਰ ਸੰਗ਼ੀਤਕਾਰ ਅਪਣੇ ਕਰਿਅਰ ਦਾ ਅਗਾਜ਼ ਕਰਨ ਵਾਲੇ ਇਹ ਹੋਣਹਾਰ ਸੰਗ਼ੀਤਕਾਰ ਕਈ ਨਾਮਵਰ ਅਤੇ ਉਭਰਦੇ ਗਾਇਕਾ ਲਈ ਸੰਗ਼ੀਤ ਸੰਯੋਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਮਾਡਲ ਦੇ ਰੂਪ ਵਿੱਚ ਵੀ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਨੂੰ ਚਾਰ ਚੰਨ੍ਹ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਸਾਰਥੀ ਕੇ, ਗੁਰੂ ਰੰਧਾਵਾ, ਗੁਰਲੇਜ਼ ਅਖ਼ਤਰ, ਗਾਜੀ ਸਿੰਘ ਦੇ ਸੁਪਰਹਿੱਟ ਰਹੇ ਗਾਣਿਆ ਸਬੰਧਤ ਸੰਗ਼ੀਤਕ ਵੀਡੀਓਜ਼ ਸ਼ਾਮਿਲ ਰਹੇ ਹਨ।
ਢਾਈ ਦਹਾਕਿਆਂ ਦੇ ਆਪਣੇ ਇਸ ਸਫ਼ਰ ਦੌਰਾਨ ਕਈ ਉਤਰਾਅ-ਚੜਾਅ ਦਾ ਸਾਹਮਣਾ ਕਰ ਚੁੱਕੇ ਅਦਾਕਾਰ ਡੈਵੀ ਸਿੰਘ ਦੇ ਬਤੌਰ ਅਦਾਕਾਰ ਕੀਤੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਪੰਜਾਬੀ ਫ਼ਿਲਮ 'ਏਕਮ ਸਨ ਆਫ ਦ ਸੋਲ', 'ਦ ਮਾਸਟਰ ਮਾਇੰਡ ਜਿੰਦਾ ਸੁੱਖਾ', 'ਪੰਜਾਬ ਸਿੰਘ', 'ਫੈਮਿਲੀ 420', 'ਵਨਸ ਅਗੇਨ', 'ਖਤਰੇ ਦਾ ਘੁੱਗੂ' , 'ਮੈਡਲ' , 'ਜਮੀਰ', 'ਸੰਗਰਾਂਦ', 'ਪੇਂਟਰ' ਆਦਿ ਸ਼ਾਮਿਲ ਰਹੇ ਹਨ।
ਸਾਲ 2020 ਅਤੇ 2022 ਵਿੱਚ ਆਈਆਂ ਲਘੂ ਫਿਲਮਾਂ 'ਦ ਡਾਰਕ ਵੇ' ਅਤੇ 'ਫੌਜੀ ਕੇਹਰ ਸਿੰਘ' ਵਿੱਚ ਲੀਡ ਐਕਟਰ ਦੇ ਰੂਪ ਵਿੱਚ ਅਦਾਕਾਰ ਵੱਲੋਂ ਨਿਭਾਈਆਂ ਭੁਮਿਕਾਵਾਂ ਨੂੰ ਵੀ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ। ਹੁਣ ਅਦਾਕਾਰ ਡੈਵੀ ਸਿੰਘ ਦੀ ਵੱਡੇ ਪੱਧਰ 'ਤੇ ਸਾਹਮਣੇ ਆਉਣ ਜਾ ਰਹੀ ਇਸ ਫ਼ਿਲਮ ਅਤੇ ਇਸ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਗੱਲ ਕਰੀਏ ਤਾਂ ਜੈ ਰੰਧਾਵਾ ਸਟਾਰਰ ਅਪਣੀ ਇਸ ਬਹੁ-ਚਰਚਿਤ ਫ਼ਿਲਮ ਵਿੱਚ ਅਦਾਕਾਰ ਕਾਫ਼ੀ ਮਹੱਤਵਪੂਰਨ ਅਤੇ ਅਜਿਹਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਿਸ ਦੀ ਆਸ ਉਹ ਪਿਛਲੇ ਲੰਮੇਂ ਸਮੇਂ ਤੋਂ ਕਰਦੇ ਆ ਰਹੇ ਸਨ।
ਇਹ ਵੀ ਪੜ੍ਹੋ:-