ਚੰਡੀਗੜ੍ਹ: ਸਾਲ 1990 ਅਤੇ 2000 ਦੇ ਵਰ੍ਹਿਆ ਦੌਰਾਨ ਬਤੌਰ ਹੀਰੋ ਲੰਮਾ ਅਤੇ ਸ਼ਾਨਦਾਰ ਪੈਂਡਾ ਹੰਢਾ ਚੁੱਕੇ ਹਨ ਅਦਾਕਾਰ ਪਰਮਵੀਰ ਸਿੰਘ, ਜੋ ਹੁਣ ਮੌਜੂਦਾ ਸਿਨੇਮਾ ਦੌਰ ਵਿੱਚ ਵੀ ਹੌਲੀ-ਹੌਲੀ ਆਪਣੀਆਂ ਪੈੜਾਂ ਹੋਰ ਮਜ਼ਬੂਤ ਕਰਨ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਬਲੈਕੀਆ 2' ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿੰਨਾਂ ਦੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ।
'ਓਹਰੀ ਪ੍ਰੋਡੋਕਸ਼ਨਜ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਵਿੱਚ ਦੇਵ ਖਰੌੜ ਵੱਲੋਂ ਲੀਡ ਭੂਮਿਕਾ ਅਦਾ ਕੀਤੀ ਗਈ ਹੈ, ਜਿੰਨਾਂ ਤੋਂ ਇਲਾਵਾ ਇਸ ਪ੍ਰਭਾਵੀ ਕਹਾਣੀਸਾਰ ਆਧਾਰਿਤ ਫਿਲਮ ਵਿੱਚ ਜਪੁਜੀ ਖਹਿਰਾ, ਰਾਜ ਸਿੰਘ ਝਿੰਜਰ, ਸੁਖੀ ਚਾਹਲ, ਯਾਦ ਗਰੇਵਾਲ, ਲੱਕੀ ਧਾਲੀਵਾਲ ਅਤੇ ਜੱਗੀ ਧੂਰੀ ਵੱਲੋਂ ਅਹਿਮ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨਾਂ ਸਾਰਿਆਂ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਰੋਲ ਅਦਾ ਕਰਦੇ ਵਿਖਾਈ ਦੇਣਗੇ ਪਰਮਵੀਰ ਸਿੰਘ, ਜੋ ਇਸ ਫਿਲਮ ਵਿੱਚ ਇੱਕ ਵਾਰ ਫਿਰ ਨਿਭਾਈ ਅਪਣੀ ਨਿਵੇਕਲੀ ਅਤੇ ਚੁਣੌਤੀਪੂਰਨ ਭੂਮਿਕਾ ਨੂੰ ਲੈ ਕੇ ਕਾਫ਼ੀ ਆਸਵੰਦ ਨਜ਼ਰ ਆ ਰਹੇ ਹਨ।
ਬੀਤੇ ਵਰ੍ਹੇ ਦੀ ਅਪਾਰ ਸਲਾਹੁਤਾ ਹਾਸਿਲ ਕਰਨ ਵਾਲੀ ਫਿਲਮ 'ਮੋੜ' ਵਿੱਚ ਵੀ ਆਪਣੀ ਅਲਹਦਾ ਅਤੇ ਬਿਹਤਰੀਨ ਨਿਭਾਈ ਭੂਮਿਕਾ ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਆਦਾਕਰ ਪਰਮਵੀਰ ਸਿੰਘ, ਜੋ ਅਪਣੇ ਹਰ ਪ੍ਰੋਜੈਕਟਸ ਚਾਹੇ ਉਹ ਫਿਲਮਾਂ ਹੋਵੇ, ਵੈੱਬ ਸੀਰੀਜ਼ ਜਾਂ ਲਘੂ ਫਿਲਮਾਂ ਵਿੱਚ ਨਿਭਾਈਆਂ ਜਾ ਰਹੀਆਂ ਆਪਣੀਆਂ ਵੰਨ-ਸਵੰਨੀਆਂ ਭੂਮਿਕਾਵਾਂ ਦੇ ਚੱਲਦਿਆਂ ਦਰਸ਼ਕ ਮਨਾਂ ਵਿੱਚ ਹੋਰ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।
ਮੂਲ ਰੂਪ ਵਿੱਚ ਲੁਧਿਆਣਾ ਨਾਲ ਸੰਬੰਧਤ ਅਤੇ ਸੁਰਾਂ ਦੀ ਮਲਿਕਾ ਮੰਨੀ ਜਾਂਦੀ ਰਹੀ ਗਾਇਕਾ ਬੀਬਾ ਰਣਜੀਤ ਕੌਰ ਦੇ ਛੋਟੇ ਭਰਾ ਵਜੋਂ ਵੀ ਸਤਿਕਾਰੇ ਜਾਂਦੇ ਹਨ ਇਹ ਬਾਕਮਾਲ ਅਦਾਕਾਰ, ਜਿੰਨਾਂ ਦੇ ਹੁਣ ਤੱਕ ਦੇ ਕਰੀਅਰ ਪੜਾਵਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਸਾਹਮਣੇ ਅਉਣ ਵਾਲੀ ਹਰ ਫਿਲਮ ਦੀ ਬਜਾਏ ਗਿਣੀਆਂ-ਚੁਣੀਆਂ ਅਤੇ ਵਿਲੱਖਣਤਾ ਦਾ ਇਜ਼ਹਾਰ ਕਰਵਾਉਂਦੀਆਂ ਫਿਲਮਾਂ ਹੀ ਕਰਨ ਨੂੰ ਜਿਆਦਾ ਤਵੱਜੋ ਦਿੱਤੀ ਹੈ, ਜਿੰਨਾਂ ਦੇ ਅਹਿਮ ਪ੍ਰੋਜੈਕਟਸ 'ਸੁਖੀ ਪਰਿਵਾਰ', 'ਲੰਬੜਦਾਰਨੀ', 'ਵਸੀਹਤ', 'ਜਖਮੀ', 'ਸਮਗਲਰ', 'ਦਰਦ ਪ੍ਰਦੇਸ਼ਾਂ ਦੇ', 'ਕਾਫਲਾ', 'ਵਾਰਦਾਤ', 'ਜਿਗਰਾ ਜੱਟ ਦਾ', 'ਚੌਸਰ ਦਾ ਗੇਮ ਆਫ ਪਾਵਰ' ਆਦਿ ਸ਼ੁਮਾਰ ਰਹੇ ਹਨ।