ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਖੇਤਰ ਵਿੱਚ ਲੰਮਾਂ ਸਫ਼ਰ ਤੈਅ ਕਰ ਚੁੱਕਿਆ ਹੈ ਗਾਇਕ ਬੱਬੂ ਮਾਨ। ਗਾਇਕ ਹੁਣ ਆਪਣੀ ਤਾਜ਼ਾ ਰਿਲੀਜ਼ ਹੋਈ ਕਵਿਤਾ ਵਾਲੀ ਕਿਤਾਬ 'ਮੇਰਾ ਗ਼ਮ' ਕਾਰਨ ਕਾਫੀ ਚਰਚਾ ਬਟੋਰ ਰਿਹਾ ਹੈ, ਇਸ ਤੋਂ ਪਹਿਲਾਂ ਗਾਇਕ ਦੀ ਸ਼ਾਨਦਾਰ ਫਿਲਮ 'ਸੁੱਚਾ ਸੂਰਮਾ' ਰਿਲੀਜ਼ ਹੋਈ ਸੀ, ਜਿਸ ਨੇ ਪੂਰੇ ਪੰਜਾਬ ਨੂੰ ਆਪਣੇ ਵੱਲ ਖਿੱਚਿਆ। ਇਸ ਸਭ ਦੇ ਨਾਲ ਹੀ ਹੁਣ ਇੱਥੇ ਅਸੀਂ ਗਾਇਕ ਦੇ ਲਹਿੰਦੇ ਪੰਜਾਬ ਵਜੋਂ ਜਾਣੇ ਜਾਂਦੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਖਾਸ ਸੰਬੰਧ ਲੈ ਕੇ ਆਏ ਹਾਂ।
ਕੀ ਹੈ ਗਾਇਕ ਦਾ ਪਾਕਿਸਤਾਨ ਨਾਲ ਸੰਬੰਧ
ਹਾਲ ਹੀ ਵਿੱਚ ਕਿਤਾਬ ਦੀ ਲਾਂਚਿੰਗ ਦੌਰਾਨ ਗਾਇਕ ਤੋਂ ਪੁੱਛਿਆ ਗਿਆ ਕਿ ਤੁਹਾਡੇ ਗੀਤਾਂ ਅਤੇ ਸ਼ਬਦਾਂ ਵਿੱਚ ਹਮੇਸ਼ਾ ਹੀ ਲਹਿੰਦੇ ਪੰਜਾਬ ਦਾ ਜ਼ਿਕਰ ਹੁੰਦਾ ਹੈ, ਜਿੰਨੀ ਮੁਹੱਬਤ ਤੁਹਾਨੂੰ ਇਧਰੋਂ ਮਿਲਦੀ ਹੈ, ਉਸਤੋਂ ਕਿਤੇ ਜਿਆਦਾ ਮੁਹੱਬਤ ਤੁਹਾਨੂੰ ਉਧਰਲੇ ਪੰਜਾਬ ਤੋਂ ਮਿਲਦੀ ਹੈ। ਤੁਹਾਡਾ ਦਿਲ ਨਹੀਂ ਕਰਦਾ ਹੈ ਕਿ ਕਿਤੇ ਜਾ ਕੇ ਲਾਹੌਰ ਦੀਆਂ ਗਲੀਆਂ ਦੇਖੀਏ?
ਇਸ ਪੂਰੀ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ, 'ਮੈਨੂੰ ਵੀਜ਼ਾ ਹੀ ਨਹੀਂ ਦੇਣਾ ਇੰਨਾ ਨੇ, ਮੈਂ ਇੱਕ ਵਾਰ ਪਹਿਲਾਂ ਵੀ ਟ੍ਰਾਈ ਕੀਤਾ ਸੀ।' ਇਸ ਤੋਂ ਬਾਅਦ ਗਾਇਕ ਜ਼ੋਰ ਨਾਲ ਹੱਸਦੇ ਹਨ ਅਤੇ ਕਹਿੰਦੇ ਹਨ, 'ਦੇਖੋ ਸਾਡੇ ਬਹੁਤ ਬਜ਼ੁਰਗ ਅਤੇ ਮੇਰੇ ਨਾਨਕੇ ਉਧਰ ਹੀ ਸੀ, ਸਾਡੀ ਮਾਂ ਦਾ ਜਨਮ ਵੀ ਉਧਰ ਹੀ ਹੋਇਆ ਸੀ, ਸ਼ਾਇਦ ਇਸ ਕਰਕੇ ਕਿ ਮੇਰੀ ਮਾਂ ਦਾ ਜਨਮ ਉਧਰ ਹੋਇਆ ਤਾਂ ਕਰਕੇ ਮੋਹ ਤਾਂ ਆਉਂਦਾ ਹੀ ਹੈ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ, 'ਉਹ ਸਾਡੇ ਵਰਗੇ ਹੀ ਹੈ ਅਤੇ ਸਾਡੇ ਵਿੱਚੋਂ ਹੀ ਹਨ, ਸਿਆਸਤ ਨੇ ਸਾਨੂੰ ਇੰਨਾ ਛੋਟਾ ਕਰਤਾ ਕਿ ਅਸੀਂ ਛੋਟੀਆਂ ਛੋਟੀਆਂ ਗੱਲਾਂ ਉਤੇ ਬਹਿਸ ਕਰਨ ਲੱਗ ਜਾਂਦੇ ਹਾਂ।' ਇਸ ਤੋਂ ਇਲਾਵਾ ਗਾਇਕ ਨੇ ਇਸ ਸੰਬੰਧੀ ਹੋਰ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ।
ਇਸ ਬਹੁਪੱਖੀ ਫਨਕਾਰ ਦੇ ਹੁਣ ਤੱਕ ਦੇ ਸਿਨੇਮਾ ਸਫਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਰਿਲੀਜ਼ ਹੋਈਆਂ ਫਿਲਮਾਂ ਵਿੱਚ 'ਹਵਾਏ', 'ਏਕਮ', 'ਹਸ਼ਰ', 'ਬਾਜ', 'ਰੱਬ ਨੇ ਬਣਾਈਆਂ ਜੋੜੀਆਂ' ਆਦਿ ਸ਼ਾਮਿਲ ਰਹੀਆਂ ਹਨ। ਸਟਾਰ ਗਾਇਕੀ ਅਤੇ ਸਿਨੇਮਾ ਜਗਤ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਗਾਇਕ ਕਈ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ:
- ਕੌਣ ਹੈ ਰੂਬੀ ਢੱਲਾ? ਕੈਨੇਡਾ PM ਦੀ ਦੌੜ ਵਿੱਚ ਸ਼ਾਮਲ ਹੋਈ ਪੰਜਾਬ ਦੀ ਇਹ ਸ਼ੇਰਨੀ, ਹਨੀ ਸਿੰਘ ਨਾਲ ਹੈ ਖਾਸ ਕਨੈਕਸ਼ਨ
- 'ਸਿੱਖ ਬਾਰਡਰਾਂ ਤੇ ਖੜ੍ਹਦੇ ਤਾਂ ਹਿੰਦੂਸਤਾਨੀ ਜੀ, ਹੱਕਾਂ ਲਈ ਲੜਦੇ ਤਾਂ ਖਾਲਿਸਤਾਨੀ ਵੱਜਦੇ', ਰੌਂਗਟੇ ਖੜ੍ਹੇ ਕਰ ਦੇਵੇਗਾ ਜੈਨੀ ਜੌਹਲ ਦਾ ਨਵਾਂ ਗੀਤ, ਸੁਣੋ ਜ਼ਰਾ
- ਕੁੰਭ ਦੇ ਮੇਲੇ 'ਚ ਮਾਲਾ ਵੇਚ ਰਹੀ ਇਸ ਗ਼ਰੀਬ ਕੁੜੀ ਦੀ ਚਮਕੀ ਕਿਸਮਤ, ਜਲਦ ਬਣੇਗੀ ਬਾਲੀਵੁੱਡ ਫਿਲਮ ਦਾ ਹਿੱਸਾ