ਚੰਡੀਗੜ੍ਹ: ਪੰਜਾਬੀ ਵੈੱਬ ਸੀਰੀਜ਼ ਦੇ ਖੇਤਰ ਵਿੱਚ ਲਗਾਤਾਰ ਨਵੇਂ ਦਿਸਹਿੱਦੇ ਸਿਰਜ ਰਹੇ ਹਨ ਨੌਜਵਾਨ ਨਿਰਦੇਸ਼ਕ ਰੈਬੀ ਟਿਵਾਣਾ, ਜੋ ਅਪਣੀ ਨਵੀਂ ਵੈੱਬ ਸੀਰੀਜ਼ 'ਖੜਪੰਚ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਵੈੱਬ ਸੀਰੀਜ਼ ਜਲਦ ਸ਼ੋਸ਼ਲ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।
'ਟਰੋਲ ਪੰਜਾਬੀ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਦਿਲਚਸਪ ਅਤੇ ਮੰਨੋਰੰਜਕ ਵੈੱਬ ਸੀਰੀਜ਼ ਦਾ ਨਿਰਮਾਣ, ਲੇਖਨ, ਨਿਰਦੇਸ਼ਨ ਅਤੇ ਸੰਪਾਦਨ ਜ਼ਿੰਮੇਵਾਰੀਆਂ ਨੂੰ ਰੈਬੀ ਟਿਵਾਣਾ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਧੀਨ ਫਿਲਮਾਈ ਗਈ ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਨੂੰ 01 ਜਨਵਰੀ 2025 ਨੂੰ ਵੱਡੇ ਪੱਧਰ ਉੱਪਰ ਲਾਂਚ ਕੀਤਾ ਜਾ ਰਿਹਾ ਹੈ।
ਸਾਲ 2018 ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਸਫ਼ਲਤਾ ਦੇ ਕਈ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫ਼ਲ ਰਹੀ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਰੈਬੀ ਟਿਵਾਣਾ ਵੱਲੋਂ ਹੀ ਕੀਤਾ ਗਿਆ ਸੀ, ਜਿੰਨ੍ਹਾਂ ਦੁਆਰਾ ਇਸ ਤੋਂ ਬਾਅਦ ਬਣਾਈ ਗਈ ਪੰਜਾਬੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਵੀ ਸ਼ਾਨਦਾਰ ਕਾਮਯਾਬੀ ਹਾਸਿਲ ਕਰਨ ਦਾ ਮਾਣ ਅਪਣੀ ਝੋਲੀ ਪਾ ਚੁੱਕੀ ਹੈ, ਜਿਸ ਦੇ ਦੋਹਾਂ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।