ਚੰਡੀਗੜ੍ਹ: ਪੰਜਾਬੀ ਸੰਗੀਤ ਨੂੰ ਸੂਫੀ ਰੰਗ ਦੇਣ ਅਤੇ ਪੰਜਾਬੀਅਤ ਵੰਨਗੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਲਖਵਿੰਦਰ ਵਡਾਲੀ, ਜੋ ਸੂਫੀਇਜ਼ਮ ਦੀ ਹੀ ਤਰਜ਼ਮਾਨੀ ਕਰਦੀ ਆਪਣੀ ਨਵੀਂ ਐਲਬਮ 'ਰੰਗਰੇਜ਼' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਇੱਕ ਹੋਰ ਬਿਹਤਰੀਨ ਉਪਰਾਲਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਵਡਾਲੀ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਐਲਬਮ ਵਿਚਲੇ ਗੀਤਾਂ ਨੂੰ ਆਵਾਜ਼ ਲਖਵਿੰਦਰ ਵਡਾਲੀ ਅਤੇ ਉਨ੍ਹਾਂ ਦੇ ਪਿਤਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਵੱਲੋਂ ਦਿੱਤੀ ਗਈ ਗਈ ਹੈ।
ਪੁਰਾਤਨ ਗਾਇਕੀ ਨੂੰ ਨਵੇਂ ਅਯਾਮ ਦੇਣ ਜਾ ਰਹੀ ਇਸ ਐਲਬਮ ਵਿੱਚ ਸ਼ਾਮਿਲ ਕੀਤੇ ਗਏ ਵੱਖ-ਵੱਖ ਗੀਤਾਂ ਦੀ ਸ਼ਬਦ ਰਚਨਾ ਫਿਦਾ ਬਟਾਲਵੀ, ਐਮ ਐਸ ਆਬਿਦ ਅਤੇ ਰਤਨ ਪਸਰੀਚਾ ਦੁਆਰਾ ਕੀਤੀ ਗਈ ਹੈ, ਜਦਕਿ ਇੰਨ੍ਹਾਂ ਦਾ ਮਨ ਨੂੰ ਮੋਹ ਲੈਣ ਵਾਲਾ ਸੰਗੀਤ ਆਰ ਬੀ ਸੂਫੀਆਨ ਭੱਟ ਅਤੇ ਵਿੱਕੀ ਅਗਰਵਾਲ ਦੁਆਰਾ ਤਿਆਰ ਕੀਤਾ ਗਿਆ ਹੈ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਮਦਮਸਤ ਕਰਦੀ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਲਖਵਿੰਦਰ ਵਡਾਲੀ ਅਨੁਸਾਰ ਉਨਾਂ ਦੀ ਇਹ ਐਲਬਮ ਸਰੋਤਿਆਂ ਦੀ ਲਗਾਤਾਰ ਕੀਤੀ ਜਾ ਰਹੀ ਫਰਮਾਇਸ਼ ਦੇ ਅਧਾਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਸੂਫੀਇਜ਼ਮ ਦੇ ਵੱਖ-ਵੱਖ ਰੰਗਾਂ ਦਾ ਪ੍ਰਗਟਾਵਾ ਕਰਦੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਚੜ੍ਹਦੇ ਅਤੇ ਲਹਿੰਦੇ ਦੇ ਸਾਂਝੀਵਾਲਤਾ ਭਰੇ ਰਹੇ ਸੁਮੇਲ ਨੂੰ ਆਪਣੀ ਗਾਇਨ ਸ਼ੈਲੀ ਦਾ ਅਨਿਖੜਵਾਂ ਹਿੱਸਾ ਬਣਾਉਣ ਵਿੱਚ ਮੋਹਰੀ ਯੋਗਦਾਨ ਪਾ ਰਹੇ ਇਹ ਬਿਹਤਰੀਨ ਗਾਇਕ, ਜਿੰਨ੍ਹਾਂ ਅਪਣੇ ਉਕਤ ਸੰਗੀਤਕ ਪ੍ਰੋਜੈਕਟ ਸੰਬੰਧੀ ਹੋਰ ਵਿਸਥਾਰਕ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਗਾਇਕੀ ਦਾ ਮੌਜੂਦਾ ਮੁਹਾਂਦਰਾ ਅਪਣੇ ਅਸਲ ਰੰਗਾਂ ਤੋਂ ਚਾਹੇ ਕਾਫ਼ੀ ਦੂਰ ਹੁੰਦਾ ਜਾ ਰਿਹਾ ਹੈ, ਪਰ ਆਪਣੀ ਗਾਇਕੀ ਨੂੰ ਕਦੀ ਪੁਰਾਣੀਆਂ ਸੰਗੀਤਕ ਪਰੰਪਰਾਵਾਂ ਤੋਂ ਕਦੇ ਵੀ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹੀ ਵਜ੍ਹਾਂ ਹੈ ਕਿ ਏਨੇ ਸਾਲਾਂ ਬਾਅਦ ਵੀ ਸਰੋਤਿਆਂ ਅਤੇ ਦਰਸ਼ਕਾਂ ਦਾ ਪਿਆਰ ਸਨੇਹ ਭਰਿਆ ਸਿਲਸਿਲਾ ਜਿਓ ਦਾ ਤਿਓ ਕਾਇਮ ਹੈ, ਜਿਸ ਦੇ ਦਾਇਰੇ ਵਿੱਚ ਪੜਾਅ ਦਰ ਪੜਾਅ ਹੋਰ ਵਿਸਥਾਰ ਹੋ ਰਿਹਾ ਹੈ।
ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਇਸ ਉਮਦਾ ਗਾਇਕ ਨੇ ਕਿਹਾ ਕਿ ਇਸ ਐਲਬਮ ਤੋਂ ਬਾਅਦ ਜਲਦ ਹੀ ਉਹ ਦੇਸ਼-ਵਿਦੇਸ਼ ਕੁਝ ਵੱਡੇ ਸੰਗੀਤਕ ਕੰਨਸਰਟ ਵੀ ਕਰਨ ਜਾ ਰਹੇ ਹਨ, ਜਿਸ ਤੋਂ ਇਲਾਵਾ ਆਪਣੇ ਕੁਝ ਸੋਲੋ ਗਾਣੇ ਲੈ ਕੇ ਵੀ ਉਹ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।