ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿੱਚ ਸਿਖਰਾਂ ਛੂਹ ਲੈਣ ਵਿੱਚ ਸਫ਼ਲ ਰਹੇ ਸਨ ਮਰਹੂਮ ਗਾਇਕ ਰਾਜ ਬਰਾੜ, ਜਿੰਨ੍ਹਾਂ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਜੁਟ ਚੁੱਕਾ ਹੈ ਉਨ੍ਹਾਂ ਦਾ ਹੋਣਹਾਰ ਸਪੁੱਤਰ ਜੋਸ਼ ਬਰਾੜ, ਜਿਸ ਵੱਲੋਂ ਗਾਇਆ ਪਹਿਲਾਂ ਹੀ ਗਾਣਾ 'ਤੇਰੇ ਬਿਨ੍ਹਾਂ ਨਾ ਗੁਜ਼ਾਰਾ' ਮਕਬੂਲੀਅਤ ਦੇ ਨਵੇਂ ਅਯਾਮ ਕਰਦਿਆਂ ਡਾਊਨਟਾਊਨ ਟਰਾਂਟੋ (ਕੈਨੇਡਾ) ਬਿਲਬੋਰਡ ਉਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ।
ਇਸ ਗੱਲ ਦੀ ਜਾਣਕਾਰੀ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ ਅਤੇ ਲਿਖਿਆ, 'ਮੈਂ ਕੈਨੇਡਾ ਦੇ ਬਿਲਬੋਰਡ 'ਤੇ ਆਪਣੇ ਆਪ ਨੂੰ ਦੇਖ ਕੇ ਸਪੀਚਲੈੱਸ ਹੋ ਗਿਆ ਹਾਂ। ਤੁਹਾਡੇ ਵਿੱਚੋਂ ਹਰ ਇੱਕ ਦਾ ਜਿਸਨੇ ਮੇਰੇ ਗੀਤ ਨੂੰ ਸੁਣਿਆ, ਸਾਂਝਾ ਕੀਤਾ ਅਤੇ ਪਿਆਰ ਕੀਤਾ, ਮੇਰੇ ਦਿਲ ਦੀਆਂ ਤਹਿਆਂ ਤੋਂ ਤੁਹਾਡਾ ਧੰਨਵਾਦ...ਤੁਹਾਡਾ ਸਮਰਥਨ ਮੇਰੇ ਲਈ ਸਭ ਕੁਝ ਹੈ। ਮੈਨੂੰ ਮੇਰੇ ਪਿੱਛੇ ਅਜਿਹਾ ਅਦਭੁਤ ਭਾਈਚਾਰਾ ਹੋਣ ਦਾ ਮਾਣ ਹੈ। ਬਹੁਤ ਪਿਆਰ...।'
ਤੁਹਾਨੂੰ ਦੱਸ ਦੇਈਏ ਸੰਗੀਤਕ ਪਲੇਟਫ਼ਾਰਮ ਅਤੇ ਚਾਰਟ ਬਾਸਟਰ ਉਪਰ ਟ੍ਰੇਂਡਿੰਗ ਹਾਸਿਲ ਕਰ ਰਹੇ ਉਕਤ ਸਦਾ ਬਹਾਰ ਗਾਣੇ ਨੂੰ ਸਪੀਡ ਰਿਕਾਰਡਸ ਅਤੇ ਬੰਟੀ ਬੈਂਸ ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉੱਪਰ ਜਾਰੀ ਕੀਤਾ ਗਿਆ ਹੈ, ਜਿਸ ਦਾ ਸੰਗੀਤ ਆਗਾਜ਼ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਅਲਫਾਜ਼ ਜਗਦੀਪ ਵੜਿੰਗ ਵੱਲੋਂ ਰਚੇ ਗਏ ਹਨ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਸਿਰਜੇ ਗਏ ਉਕਤ ਗਾਣੇ ਨੂੰ ਦੁਨੀਆਂ ਭਰ ਵਿੱਚ ਵਸੇਂਦੇ ਸੰਗੀਤ ਪ੍ਰੇਮੀਆਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।