ਚੰਡੀਗੜ੍ਹ:ਪੰਜਾਬੀ ਅਤੇ ਹਿੰਦੀ ਸੰਗੀਤ ਦੀ ਦੁਨੀਆਂ ਵਿੱਚ ਵੱਡੇ, ਸਫ਼ਲ ਅਤੇ ਚਰਚਿਤ ਨਾਵਾਂ ਵਜੋਂ ਆਪਣਾ-ਅਪਣਾ ਸ਼ੁਮਾਰ ਕਰਵਾਉਂਦੇ ਹਨ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਨਾਯਾਬ ਫਨਕਾਰ ਗੁਰਨਾਜ਼ਰ ਅਤੇ ਰਾਹਤ ਫਤਿਹ ਅਲੀ ਖਾਨ, ਜੋ ਪਹਿਲੀ ਵਾਰ ਆਪਣੇ ਇੱਕ ਵਿਸ਼ੇਸ਼ ਸੰਗੀਤਕ ਪ੍ਰੋਜੈਕਟ ਲਈ ਇਕੱਠੇ ਹੋਏ ਹਨ, ਜਿੰਨਾਂ ਦੀ ਬਿਹਤਰੀਨ ਕਲੋਬਰੇਸ਼ਨ ਅਧੀਨ ਤਿਆਰ ਹੋਇਆ ਇਹ ਟਰੈਕ 09 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
ਦੁਨੀਆਂ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਪਹਿਲਾਂ ਲੁੱਕ ਜਾਰੀ ਹੁੰਦਿਆਂ ਹੀ ਖਿੱਚ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣ ਚੁੱਕੇ ਇਸ ਗਾਣੇ ਨੂੰ ਆਵਾਜ਼ਾਂ ਰਾਹਤ ਫਤਿਹ ਅਲੀ ਖਾਨ ਅਤੇ ਗੁਰਨਾਜ਼ਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸਦਾ ਬਹਾਰ ਰੰਗਾਂ ਵਿੱਚ ਰੰਗਿਆਂ ਮਨਮੋਹਕ ਸੰਗੀਤ ਗੌਰਵ ਦੇਵ, ਕਾਰਤਿਕ ਦੇਵ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਗੁਰਨਾਜ਼ਰ ਨੇ ਲਿਖੇ ਹਨ ਅਤੇ ਕੰਪੋਜੀਸ਼ਨ ਵੀ ਗੁਰਨਾਜ਼ਰ ਅਤੇ ਕੁਸ਼ਾਗਰ ਠਾਕੁਰ ਦੁਆਰਾ ਸਿਰਜੀਆਂ ਗਈਆਂ ਹਨ।
ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਇੱਕੋ ਸਮੇਂ ਰਿਲੀਜ਼ ਹੋਣ ਜਾ ਰਹੀ ਇਸ ਗਾਣੇ ਨੂੰ ਲੈ ਕੇ ਪੰਜਾਬੀ ਗਾਇਕ ਗੁਰਨਾਜ਼ਰ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਨ੍ਹਾਂ ਅਨੁਸਾਰ ਇੰਝ ਲੱਗਦਾ ਹੈ ਜਿਵੇਂ ਕੋਈ ਵੇਖਿਆ ਵੱਡਾ ਸੁਫਨਾ ਸੱਚ ਹੋਣ ਜਾ ਰਿਹਾ ਹੋਵੇ, ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਇਸ ਗਾਣੇ ਦੇ ਸਾਹਮਣੇ ਆਉਣ ਦਾ, ਜਿਸ ਦੀ ਸੰਗੀਤਕ ਸਿਰਜਣਾ ਵਿੱਚ ਬਤੌਰ ਗਾਇਕ ਆਪਣੇ ਵੱਲੋਂ ਅਪਣਾ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦਾ ਹਾਂ ਕਿ ਹਰ ਗਾਣੇ ਦੀ ਤਰ੍ਹਾਂ ਇਸ ਨਵੇਂ ਟਰੈਕ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ।
ਸੂਫੀਇਜ਼ਮ ਤੋਂ ਲੈ ਕੇ ਦੋਹਾਂ ਪੰਜਾਬਾਂ ਦੇ ਹਰ ਰੰਗ ਨੂੰ ਅਪਣੀ ਵਿਲੱਖਣ ਗਾਇਕੀ ਦਾ ਅਹਿਮ ਹਿੱਸਾ ਬਣਾਉਣ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ ਹਰਦਿਲ ਅਜ਼ੀਜ਼ ਗਾਇਕ ਰਾਹਤ ਫਤਿਹ ਅਲੀ ਖਾਨ, ਜਿੰਨਾਂ ਵੱਲੋਂ ਗਾਏ ਆਦਿ ਜਿਹੇ ਹਾਲੀਆਂ ਉਮਦਾ ਗਾਣਿਆਂ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਸਨੇਹ ਨਾਲ ਨਿਵਾਜਿਆ ਗਿਆ ਹੈ, ਓਧਰ ਜੇਕਰ ਦੂਜੇ ਪਾਸੇ ਜੇਕਰ ਨੌਜਵਾਨ ਗਾਇਕ ਗੁਰਨਾਜ਼ਰ ਦੀ ਗੱਲ ਕਰੀਏ ਤਾਂ ਉਹ ਵੀ 'ਧਰੂ ਤਾਰੇ' ਵਾਂਗ ਅਪਣੀ ਅਲਹਦਾ ਹੋਂਦ ਅਤੇ ਚਮਕ ਦਾ ਅਹਿਸਾਸ ਕਰਵਾ ਰਹੇ ਹਨ, ਜਿੰਨਾਂ ਵੱਲੋਂ ਅੰਜ਼ਾਮ ਦਿੱਤੀਆਂ ਲਕੀਰੋ ਹੱਟਵੀਆਂ ਸੰਗੀਤਕ ਕੋਸ਼ਿਸ਼ਾਂ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਉਨਾਂ ਦਾ ਸ਼ੁਮਾਰ ਉੱਚਕੋਟੀ ਗਾਇਕਾ ਵਿੱਚ ਕਰਵਾ ਦਿੱਤਾ ਹੈ, ਜੋ ਜਾਰੀ ਹੋਣ ਜਾ ਰਹੇ ਉਕਤ ਟਰੈਕ ਨਾਲ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ।