ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਝੈਲ' ਇੰਨੀ ਦਿਨੀਂ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਦੀ ਦਰਸ਼ਕਾਂ ਵਿੱਚ ਵੱਧ ਰਹੀ ਖਿੱਚ ਨੂੰ ਹੀ ਹੋਰ ਉਭਾਰ ਦੇਣ ਜਾ ਰਿਹਾ ਹੈ ਅੱਜ ਰਿਲੀਜ਼ ਹੋਣ ਜਾ ਰਿਹਾ ਖਾਸ ਗਾਣਾ 'ਗੱਲਾਂ ਹੁੰਦੀਆਂ', ਜੋ ਬਹੁਤ ਹੀ ਵੱਡੇ ਪੱਧਰ ਉੱਪਰ ਵਜ਼ੂਦ ਵਿੱਚ ਲਿਆਂਦਾ ਗਿਆ ਹੈ।
'ਗੀਤ ਐਮ ਪੀ 3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਹਨ, ਜਦਕਿ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ ਹੈ।
ਬਿੱਗ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਐਕਸ਼ਨ ਡ੍ਰਾਮੈਟਿਕ ਫਿਲਮ ਦਾ ਬੈਕ-ਟੂ-ਬੈਕ ਸਾਹਮਣੇ ਲਿਆਂਦਾ ਜਾ ਰਿਹਾ ਇਹ ਚੌਥਾ ਗਾਣਾ ਹੈ, ਜਿਸ ਤੋਂ ਪਹਿਲਾਂ ਇਸ ਦੇ ਤਿੰਨ ਹੋਰ ਗਾਣੇ ਵੀ ਰਿਲੀਜ਼ ਕੀਤੇ ਜਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਹੱਡ ਤੋੜਦਾ', 'ਸੋਹਣਿਆ' ਅਤੇ 'ਮਝੈਲ ਐਂਥਮ' ਆਦਿ ਸ਼ੁਮਾਰ ਰਹੇ ਹਨ, ਜੋ ਦਰਸ਼ਕਾਂ ਵੱਲੋਂ ਖਾਸੇ ਪਸੰਦ ਕੀਤੇ ਜਾ ਰਹੇ ਹਨ।