ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਟਾਰ ਨਾਇਕ ਵਜੋਂ ਭੱਲ ਸਥਾਪਿਤ ਕਰਦੇ ਜਾ ਰਹੇ ਹਨ ਨੌਜਵਾਨ ਅਤੇ ਪ੍ਰਤਿਭਾਵਾਨ ਅਦਾਕਾਰ ਜੈ ਰੰਧਾਵਾ, ਜੋ ਐਕਸ਼ਨ ਨਾਲ ਭਰਪੂਰ ਫਿਲਮਾਂ ਦਾ ਪ੍ਰਭਾਵੀ ਹਿੱਸਾ ਬਣਨ ਦੀ ਜਾਰੀ ਕਰੀਅਰ ਕਵਾਇਦ ਨੂੰ ਜਾਰੀ ਰੱਖਦਿਆਂ ਅਪਣੀ ਇੱਕ ਹੋਰ ਸ਼ਾਨਦਾਰ ਪੰਜਾਬੀ ਫਿਲਮ 'ਬਦਨਾਮ' ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੇ ਨਵੇਂ ਲੁੱਕ ਨੂੰ ਰਿਵੀਲ ਕਰਦਿਆਂ ਇਸ ਦੀ ਰਿਲੀਜ਼ ਮਿਤੀ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਚਰਚਿਤ ਪੰਜਾਬੀ ਫਿਲਮ ਦਾ ਸਟੋਰੀ-ਡਾਇਲਾਗ ਜੱਸੀ ਲੋਹਕਾ, ਸਕ੍ਰੀਨ ਪਲੇਅ ਲੇਖਨ ਸਿਧਾਰਥ ਗਰਿਮਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਮੌਜੂਦਾ ਸਿਨੇਮਾ ਦੌਰ ਦੇ ਚਰਚਿਤ ਅਤੇ ਸਫ਼ਲ ਫਿਲਮਕਾਰ ਮਨੀਸ਼ ਭੱਟ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸਫ਼ਲਤਮ ਰਹੀਆਂ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।
ਨਿਰਮਾਤਾਵਾਂ ਗੌਰਵ ਭਾਟੀਆ, ਦੀਕਸ਼ਤ ਸਾਹਨੀ, ਜੱਸੀ ਲੋਹਕਾ, ਰਵੀ ਬੋਪਾਰਾਏ, ਜਗ ਬੋਪਾਰਾਏ ਅਤੇ ਮੋਹਿਤ ਸ਼ਰਮਾ ਵੱਲੋਂ ਨਿਰਮਿਤ ਕੀਤੀ ਗਈ ਇਸ ਐਕਸ਼ਨ-ਡ੍ਰਾਮੈਟਿਕ ਵਿੱਚ ਜੈ ਰੰਧਾਵਾ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਬਾਲੀਵੁੱਡ ਸਟਾਰ ਮੁਕੇਸ਼ ਰਿਸ਼ੀ ਵੀ ਇਸ ਦਾ ਖਾਸ ਆਕਰਸ਼ਨ ਹੋਣਗੇ, ਜੋ ਲੰਮੇਂ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਵਿੱਚ ਅਪਣੀ ਸ਼ਾਨਦਾਰ ਖਲਨਾਇਕੀ ਭਰੇ ਖਤਰਨਾਕ ਰੋਂਅ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾਉਣਗੇ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਇਸ ਫਿਲਮ ਵਿੱਚ ਬਾਲੀਵੁੱਡ ਮਸਾਲਿਆਂ ਨੂੰ ਵੀ ਭਰਪੂਰ ਸੁਮੇਲਤਾ ਦਿੱਤੀ ਗਈ ਹੈ, ਜਿਸ ਨੂੰ ਦਿਲਕਸ਼ ਪ੍ਰਤੀਬਿੰਬਤਾ ਦੇਵੇਗਾ ਬਾਲੀਵੁੱਡ ਦੀ ਚਰਚਿਤ ਅਦਾਕਾਰਾ ਨਿੱਕੀ ਤੰਬੋਲੀ ਉਪਰ ਫਿਲਮਾਇਆ ਗਿਆ ਵਿਸ਼ੇਸ਼ ਆਈਟਮ ਸੋਂਗ, ਜੋ ਵੱਡੇ ਪੱਧਰ ਉੱਪਰ ਸ਼ੂਟ ਕੀਤਾ ਗਿਆ ਹੈ।
28 ਫ਼ਰਵਰੀ ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਪੰਜਾਬੀ ਸਿਨੇਮਾ ਦੀ ਇਸ ਇੱਕ ਹੋਰ ਮਹਿੰਗੀ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ, ਐਕਸ਼ਨ ਨਿਰਦੇਸ਼ਕ ਪਰਮਜੀਤ ਢਿੱਲੋਂ ਹਨ, ਜਿੰਨ੍ਹਾਂ ਵੱਲੋਂ ਬੇਹੱਦ ਉੱਚ ਪੱਧਰੀ ਮਾਪਦੰਢਾਂ ਅਧੀਨ ਐਕਸ਼ਨ ਦ੍ਰਿਸ਼ ਫਿਲਮਾਏ ਗਏ ਹਨ।
ਸਾਲ 2025 ਦੀ ਅਪਣੀ ਪਹਿਲੀ ਸਿਨੇਮਾ ਆਮਦ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਜੈ ਰੰਧਾਵਾ ਦੀ ਨਿਰਦੇਸ਼ਕ ਮੁਨੀਸ਼ ਭੱਟ ਨਾਲ ਇਹ ਲਗਾਤਾਰ ਚੌਥੀ ਫਿਲਮ ਹੈ, ਜੋ ਇਸ ਤੋਂ ਪਹਿਲਾਂ 'ਚੌਬਰ, 'ਮੈਡਲ' ਅਤੇ 'ਜੇ ਜੱਟ ਵਿਗੜ ਗਿਆ' ਵੀ ਇਕੱਠਿਆਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ: