ਚੰਡੀਗੜ੍ਹ: ਸਾਲ 2022 ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਨਾਲ ਕਾਫ਼ੀ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਬਿਨੇ ਜੌੜਾ, ਜੋ ਅੱਜ ਵੈੱਬ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਕਰਵਾਉਣ ਜਾ ਰਹੀ ਹੈ ਆਉਣ ਪੰਜਾਬੀ ਫਿਲਮ 'ਬੈਕਅੱਪ', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਬਾਸਰਕੇ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਰੁਮਾਂਟਿਕ ਡ੍ਰਾਮੈਟਿਕ ਅਤੇ ਚਰਚਿਤ ਫਿਲਮ ਦਾ ਲੇਖਨ ਅਤੇ ਨਿਰਮਾਣ ਨਛੱਤਰ ਸਿੰਘ ਸੰਧੂ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਜਸਵੰਤ ਮਿੰਟੂ ਨੇ ਅੰਜ਼ਾਮ ਦਿੱਤਾ ਹੈ, ਜੋ ਇਸ ਫਿਲਮ ਨਾਲ ਅਪਣੇ ਇੱਕ ਹੋਰ ਨਵੇਂ ਸਫ਼ਰ ਦਾ ਅਗਾਜ਼ ਕਰਨ ਜਾ ਰਹੇ ਹਨ।
ਮੇਨ ਸਟ੍ਰੀਮ ਸਿਨੇਮਾ ਤੋਂ ਹੱਟ ਕੇ ਬਣਾਈ ਗਈ ਅਤੇ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਲੀਡ ਰੋਲ ਵਿੱਚ ਨਜ਼ਰ ਆਉਣਗੇ ਬਿਨੇ ਜੌੜਾ, ਜਿੰਨ੍ਹਾਂ ਦੇ ਨਾਲ ਪ੍ਰਤਿਭਾਵਾਨ ਅਤੇ ਚਰਚਿਤ ਅਦਾਕਾਰਾ ਸੁਖਮਨੀ ਕੌਰ ਨੂੰ ਲਿਆ ਗਿਆ ਹੈ, ਜਿਸ ਤੋਂ ਇਲਾਵਾ ਅਮਨ ਸ਼ੇਰ ਸਿੰਘ, ਅਮਨ ਬਲ, ਦਿਕਸ਼ਾ ਟਾਕ, ਸ਼ਵਿੰਦਰ ਮਾਹਲ, ਸੁਖਦੇਵ ਬਰਨਾਲਾ, ਸੁਖਵਿੰਦਰ ਵਿਰਕ, ਡੋਲੀ ਸੰਦਲ, ਸੁਰਿੰਦਰ ਬਾਠ, ਸਰਬਜੀਤ ਲੱਡਾ ਅਤੇ ਪ੍ਰਿਤਪਾਲ ਪਾਲੀ ਆਦਿ ਵੱਲੋਂ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।
21 ਫ਼ਰਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਅਪਣੀ ਇਸ ਪਹਿਲੀ ਫੀਚਰ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਦਾਕਾਰ ਬਿਨੇ ਜੌੜਾ, ਜਿੰਨ੍ਹਾਂ ਅਨੁਸਾਰ ਬੇਹੱਦ ਚੁਣੌਤੀਪੂਰਨ ਅਤੇ ਲੀਕ ਤੋਂ ਹਟਵੇਂ ਰੋਲ ਦੁਆਰਾ ਉਹ ਦਰਸ਼ਕਾਂ ਅਤੇ ਅਪਣੇ ਚਾਹੁੰਣ ਦੇ ਵਾਲਿਆ ਸਨਮੁੱਖ ਹੋਣਗੇ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਕਾਫ਼ੀ ਯਾਦਗਾਰੀ ਅਨੁਭਵ ਰਿਹਾ ਹੈ।
ਪੀਟੀਸੀ ਪੰਜਾਬੀ ਉਪਰ ਆਨ ਏਅਰ ਹੋਏ ਅਤੇ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਸੀਰੀਅਲ 'ਵੰਗਾਂ' ਦਾ ਵੀ ਬਤੌਰ ਲੀਡ ਐਕਟਰ ਪ੍ਰਭਾਵੀ ਹਿੱਸਾ ਰਹੇ ਹਨ ਇਹ ਹੋਣਹਾਰ ਅਦਾਕਾਰ, ਜੋ ਇੱਕ ਹੋਰ ਵੱਡੇ ਫਿਲਮ ਪ੍ਰੋਜੈਕਟ 'ਟ੍ਰੇਂਡਿੰਗ ਟੋਲੀ ਯਾਰਾਂ ਦੀ' ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਨੌਜਵਾਨ ਨਿਰਦੇਸ਼ਨ ਮਨਜੋਤ ਸਿੰਘ ਕਰਨਗੇ।
ਇਹ ਵੀ ਪੜ੍ਹੋ: