ਚੰਡੀਗੜ੍ਹ: ਪੰਜਾਬੀ ਗਾਇਕੀ ਖੇਤਰ ਦੇ ਧੁਰੰਧਰ ਗਾਇਕ ਵਜੋਂ ਜਾਣੇ ਜਾਂਦੇ ਜੈਜ਼ੀ ਬੀ ਲਗਭਗ ਚਾਰ ਦਹਾਕਿਆਂ ਬਾਅਦ ਅੱਜ ਵੀ ਬਰਾਬਰਤਾ ਨਾਲ ਇਸ ਖਿੱਤੇ ਵਿੱਚ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਰਵਾ ਰਹੇ ਹਨ, ਜਿੰਨ੍ਹਾਂ ਦੀ ਬਤੌਰ ਗਾਇਕ ਵਿਸ਼ਵਵਿਆਪੀ ਬਣੀ ਇਸੇ ਧਾਂਕ ਨੂੰ ਮੁੜ ਨਵੇਂ ਅਯਾਮ ਦੇਣ ਜਾ ਰਹੀ ਹੈ ਉਨ੍ਹਾਂ ਦੀ ਸਾਹਮਣੇ ਆਉਣ ਜਾ ਰਹੀ ਨਵੀਂ ਈਪੀ 'ਕੋਬਰਾ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗੀ।
'ਜੈਜ਼ੀ ਬੀ ਰਿਕਾਰਡਸ' ਅਤੇ 'ਦਿਨੇਸ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 25 ਫ਼ਰਵਰੀ ਨੂੰ ਜਾਰੀ ਕੀਤੀ ਜਾ ਰਹੀ ਇਸ ਈਪੀ ਵਿਚਲੇ ਗਾਣਿਆ ਦੇ ਬੋਲ ਕਪਤਾਨ ਅਤੇ ਗੁਰਜੀਤ ਸਿੰਘ ਦੁਆਰਾ ਲਿਖੇ ਗਏ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੀ ਜਾ ਰਹੀ ਇਸ ਈਪੀ ਵਿੱਚ ਜੈਜ਼ੀ ਬੀ ਦੀ ਨਿਵੇਕਲੀ ਗਾਇਨ ਸ਼ੈਲੀ ਦਾ ਅਹਿਸਾਸ ਕਰਵਾਉਂਦੇ ਧਮਾਕੇਦਾਰ ਗਾਣਿਆ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਦੇ ਸੰਗੀਤਕ ਵੀਡੀਓਜ਼ 'ਚ ਵੀ ਉਨ੍ਹਾਂ ਦਾ ਖਾਸ ਅੰਦਾਜ਼ ਵੇਖਣ ਨੂੰ ਮਿਲੇਗਾ।
ਜੈਜ਼ੀ ਬੀ ਅਤੇ ਬਲੈਕ ਵਾਇਰਸ ਦੀ ਸ਼ਾਨਦਾਰ ਕਲੋਬ੍ਰੇਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਸੰਗੀਤਕ ਪ੍ਰੋਜੈਕਟ ਨੂੰ ਕਾਫ਼ੀ ਵੱਡੇ ਪੱਧਰ ਉਪਰ ਲਾਂਚ ਕੀਤਾ ਜਾ ਰਿਹਾ ਹੈ, ਜੋ ਲੰਮੇਂ ਵਕਫ਼ੇ ਬਾਅਦ ਉਨ੍ਹਾਂ ਦੀ ਸਾਹਮਣੇ ਆਉਣ ਵਾਲੀ ਈਪੀ ਹੋਵੇਗੀ, ਜਦਕਿ ਇਸ ਤੋਂ ਪਹਿਲਾਂ ਜਿਆਦਾਤਰ ਸੋਲੋ ਗੀਤ ਹੀ ਮਾਰਕੀਟ ਵਿੱਚ ਉਤਾਰੇ ਗਏ ਹਨ, ਜਿੰਨ੍ਹਾਂ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾਂ ਦਿੱਤਾ ਗਿਆ।
ਸੋਲੋ ਗਾਇਕੀ ਦੇ ਨਾਲ-ਨਾਲ ਸਟੇਜ ਸ਼ੋਅਜ਼ ਦੀ ਦੁਨੀਆਂ ਵਿੱਚ ਵੀ ਮਜ਼ਬੂਤੀ ਨਾਲ ਅਪਣੀ ਸਦਾਬਹਾਰਤਾ ਨੂੰ ਕਾਇਮ ਰੱਖਣ ਵਿੱਚ ਸਫ਼ਲ ਰਹੇ ਹਨ ਜੈਜ਼ੀ ਬੀ, ਜਿੰਨ੍ਹਾਂ ਦੇ ਕੰਸਰਟ ਅਤੇ ਅਖਾੜਿਆਂ ਦੀ ਮੰਗ ਹਾਲੇ ਤੱਕ ਵੀ ਦੇਸੀ ਅਤੇ ਵਿਦੇਸ਼ੀ ਗਲਿਆਰਿਆਂ ਵਿੱਚ ਬਣੀ ਹੋਈ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕੁਝ ਹੋਰ ਗਾਣਿਆਂ ਨੂੰ ਲੈ ਕੇ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਇਹ ਸ਼ਾਨਦਾਰ ਗਾਇਕ, ਜਿੰਨ੍ਹਾਂ ਦੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਇੰਨ੍ਹਾਂ ਗੀਤਾਂ ਵਿੱਚ 'ਚੰਬਲ ਦੇ ਡਾਕੂ', 'ਤੇਰੀਆਂ ਬਲੋਰੀ ਅੱਖੀਆਂ' ਆਦਿ ਸ਼ੁਮਾਰ ਰਹੇ ਹਨ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਇਹ ਸਟਾਰ ਗਾਇਕ ਜਲਦ ਹੀ ਵਿਦੇਸ਼ੀ ਹਿੱਸਿਆਂ ਵਿੱਚ ਵੀ ਅਪਣੇ ਗ੍ਰੈਂਡ ਕੰਸਰਟ ਨੂੰ ਅੰਜ਼ਾਮ ਦੇਣਗੇ, ਜਿਸ ਸੰਬੰਧਤ ਤਿਆਰੀਆਂ ਵੀ ਉਨ੍ਹਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।
ਇਹ ਵੀ ਪੜ੍ਹੋ: