ਛਿੰਦਵਾੜਾ/ਮੱਧ ਪ੍ਰਦੇਸ਼: ਕਹਾਵਤ ਹੈ ਕਿ ਜਦੋਂ ਮੌਤ ਸਾਹਮਣੇ ਹੋਵੇ ਤਾਂ ਦੋ ਜਾਨੀ ਦੁਸ਼ਮਣ ਵੀ ਦੋਸਤ ਬਣ ਜਾਂਦੇ ਹਨ। ਛਿੰਦਵਾੜਾ ਦੇ ਪੇਂਚ ਟਾਈਗਰ ਨਾਲ ਰਿਜ਼ਰਵ ਇਲਾਕੇ ਵਿੱਚ ਵਾਪਰੀ ਇਹ ਘਟਨਾ ਇਸ ਕਹਾਵਤ ਨੂੰ ਪੂਰਾ ਕਰ ਰਹੀ ਹੈ। ਦਰਅਸਲ, ਬਾਘ ਤੋਂ ਆਪਣੀ ਜਾਨ ਬਚਾਉਣ ਲਈ ਜੰਗਲੀ ਸੂਰ ਨੇ ਭੱਜਦੇ ਹੋਏ ਖੂਹ ਵਿੱਚ ਛਾਲ ਮਾਰ ਦਿੱਤੀ। ਫਿਰ ਟਾਈਗਰ ਵੀ ਝਪਟਾ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਖੂਹ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਦੋਵਾਂ ਨੇ ਦੁਸ਼ਮਣੀ ਭੁਲਾ ਕੇ ਆਪਣੀ ਜਾਨ ਬਚਾਉਣੀ ਸ਼ੁਰੂ ਕਰ ਦਿੱਤੀ।
ਜੰਗਲਾਤ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਰੈਸਕਿਊ ਕੀਤਾ
ਦਰਅਸਲ, ਇਹ ਮਾਮਲਾ ਪੇਂਚ ਟਾਈਗਰ ਰਿਜ਼ਰਵ ਨਾਲ ਲੱਗਦੇ ਦੱਖਣੀ ਵਣ ਮੰਡਲ ਦੇ ਹਰਦੌਲੀ ਇਲਾਕੇ ਦਾ ਹੈ। ਇੱਥੇ ਖੇਤ ਵਿੱਚ ਇੱਕ ਸੂਰ ਅਤੇ ਬਾਘ ਇੱਕ ਖੂਹ ਵਿੱਚ ਡਿੱਗ ਗਏ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਪਿੰਡ ਵਾਸੀਆਂ ਨੇ ਇਸ ਮਾਮਲੇ ਸਬੰਧੀ ਪਹਿਲਾਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਅਤੇ ਫਿਰ ਖੂਹ ਵਿੱਚ ਮੋਟੀਆਂ ਲੱਕੜਾਂ ਪਾ ਦਿੱਤੀਆਂ ਤਾਂ ਜੋ ਦੋਵੇਂ ਉਨ੍ਹਾਂ ਦਾ ਸਹਾਰਾ ਲੈ ਕੇ ਡੁੱਬਣ ਤੋਂ ਬਚ ਸਕਣ। ਸੂਚਨਾ ਮਿਲਣ 'ਤੇ ਪਹੁੰਚੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਸਣੇ ਪਿੰਡ ਵਾਸੀਆਂ ਨੇ ਟਾਈਗਰ ਅਤੇ ਜੰਗਲੀ ਸੂਰ ਦਾ ਰੈਸਕਿਊ ਕੀਤਾ ਗਿਆ।
ਇਸ ਤਰ੍ਹਾਂ ਵਾਪਰੀ ਇਹ ਘਟਨਾ
ਪੇਂਚ ਟਾਈਗਰ ਰਿਜ਼ਰਵ ਦੇ ਡਿਪਟੀ ਡਾਇਰੈਕਟਰ ਰਜਨੀਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜੰਗਲੀ ਸੂਰਾਂ ਦਾ ਸ਼ਿਕਾਰ ਕਰਨ ਲਈ ਟਾਈਗਰ ਉਸ ਦੇ ਪਿੱਛੇ ਭੱਜਿਆ ਹੋਵੇਗਾ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਜੰਗਲੀ ਸੂਰਾਂ ਨੂੰ ਸਿੱਧੀ ਰਫ਼ਤਾਰ ਨਾਲ ਦੌੜਨ ਦੀ ਆਦਤ ਹੁੰਦੀ ਹੈ, ਭਾਵੇਂ ਕੋਈ ਵੀ ਸਾਹਮਣੇ ਆ ਜਾਵੇ, ਉਹ ਨਹੀਂ ਰੁਕਦੇ। ਦੇਰ ਰਾਤ ਇਹ ਸੂਰ ਬਚਣ ਲਈ ਖੂਹ ਵਿੱਚ ਡਿੱਗ ਪਿਆ। ਫਿਲਹਾਲ ਪਿੰਡ ਵਾਸੀਆਂ ਨੇ ਦੋਵਾਂ ਜਾਨਵਰਾਂ ਨੂੰ ਖੂਹ ਵਿੱਚੋਂ ਸੁਰੱਖਿਅਤ ਕੱਢ ਲਿਆ ਹੈ।