ਫਿਰੋਜ਼ਪੁਰ: ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ 'ਤੇ ਹਮਲਾ ਹੋਣ ਤੋਂ ਬਾਅਦ ਹੁਣ ਗੈਂਗਸਟਰ ਅਰਸ਼ ਡੱਲਾ ਦੇ ਧਮਕੀ ਭਰੇ ਫੋਨ ਆ ਰਹੇ ਹਨ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਸ ਦੀ ਖੁਦ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਜ਼ੀਰਾ ਨੇ ਪੁਲਿਸ ਉੱਤੇ ਲਗਾਏ ਇਲਜ਼ਾਮ
ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ, 'ਪੁਲਿਸ ਨੇ ਉਸ ਦੀ ਸ਼ਿਕਾਇਤ ਉੱਤੇ ਜੋ ਮਾਮਲਾ ਦਰਜ ਕੀਤਾ ਹੈ ਉਹ ਸਿਰਫ਼ ਦਿਖਾਵਾ ਹੈ। ਜ਼ੀਰਾ ਨੇ ਕਿਹਾ ਕਿ ਸਖ਼ਤ ਧਾਰਾ ਹੇਠ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਜੇਕਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਲਈ ਫਿਰੋਜ਼ਪੁਰ ਪੁਲਿਸ ਅਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਵੇਗਾ,'।
ਪੁਲਿਸ ਨੇ ਜਾਂਚ ਕਰਨ ਦੀ ਕਹੀ ਗੱਲ
'ਮਾਮਲੇ ਸਬੰਧੀ ਐੱਸਪੀਡੀ ਰਣਧੀਰ ਕੁਮਾਰ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਹਰ ਪਹਿਲੂ ਉੱਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ ਪੁਲਿਸ ਉਨ੍ਹਾਂ ਦੀ ਵੀ ਜਾਂਚ ਕਰ ਰਹੀ ਹੈ,'।
ਸੋਮਵਾਰ ਸ਼ਾਮ ਨੂੰ ਹੋਇਆ ਸੀ ਹਮਲਾ
ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ਫ਼ਿਰੋਜ਼ਪੁਰ ਤੋਂ ਜ਼ੀਰਾ ਜਾ ਰਹੇ ਸਨ ਤਾਂ ਪਿੰਡ ਕੁਲਗੜ੍ਹੀ ਨੇੜੇ ਉਨ੍ਹਾਂ ਦੀ ਕਾਰ ਦੇ ਪਿੱਛੇ ਚਿੱਟੇ ਰੰਗ ਦੀ ਕ੍ਰੇਟਾ ਕਾਰ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਅਚਾਨਕ ਕਾਰ ਦੇ ਪਿੱਛੇ ਹਵਾਈ ਫਾਇਰਿੰਗ ਸ਼ੁਰੂ ਹੋ ਗਈ ਤਾਂ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫਤਾਰ ਨਾਲ ਭਜਾ ਲਈ। ਸਾਬਕਾ ਵਿਧਾਇਕ ਦੀ ਕਾਰ ਦਾ ਪਿੱਛਾ ਕਰਦੇ ਹੋਏ ਚਿੱਟੇ ਰੰਗ ਦੀ ਕ੍ਰੇਟਾ ਕਾਰ 'ਚ ਸਵਾਰ ਬਦਮਾਸ਼ਾਂ ਨੇ ਰੁਕ-ਰੁਕ ਕੇ ਫਾਇਰਿੰਗ ਕੀਤੀ, ਪਹਿਲਾਂ ਚਾਰ ਰਾਉਂਡ, ਬਾਅਦ 'ਚ 2 ਰਾਉਂਡ, ਫਿਰ ਇੱਕ ਰਾਉਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਕੁਲਬੀਰ ਸਿੰਘ ਜ਼ੀਰਾ ਨੇ ਸੋਮਵਾਰ ਸ਼ਾਮ ਨੂੰ ਹੀ ਜ਼ੀਰਾ ਪਹੁੰਚਣ 'ਤੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਕਾਰ ਦੇ ਪਿੱਛੇ ਹਵਾਈ ਫਾਇਰਿੰਗ ਦੀ ਸੂਚਨਾ ਦਿੱਤੀ।