ਸ੍ਰੀ ਮੁਕਤਸਰ ਸਾਹਿਬ: ਦੇਸ਼ ਭਰ 'ਚ ਵਿਸ਼ਵ ਕੈਂਸਰ ਡੇ ਮਨਾਇਆ ਗਿਆ ਹੈ। ਇਸ ਦਿਨ ਦਾ ਉਦੇਸ਼ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇਸ ਬਿਮਾਰੀ ਦੇ ਇਲਾਜ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਦੱਸ ਦੇਈਏ ਕਿ ਕੈਂਸਰ ਇੱਕ ਖਤਰਨਾਕ ਬਿਮਾਰੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ 'ਤੇ ਪਤਾ ਨਾ ਲੱਗੇ ਤਾਂ ਜਾਨ ਵੀ ਜਾ ਸਕਦੀ ਹੈ। ਇਸ ਲਈ ਤੁਹਾਨੂੰ ਕੈਂਸਰ ਦੇ ਲੱਛਣਾਂ ਅਤੇ ਸਹੀ ਇਲਾਜ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਕੈਂਸਰ ਦਾ ਨਾਮ ਸੁਣ ਕੇ ਹੀ ਲੋਕਾਂ ਦੇ ਮਨ 'ਚ ਡਰ ਆ ਜਾਂਦਾ ਹੈ। ਦੱਸ ਦੇਈਏ ਕਿ ਪੂਰੇ ਦੇਸ਼ 'ਚ ਕੈਂਸਰ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ। ਇਸ ਬਿਮਾਰੀ ਕਾਰਨ ਕਈ ਲੋਕਾਂ ਦੀ ਜਾਨ ਗਈ ਹੈ ਅਤੇ ਕੁਝ ਲੋਕਾਂ ਨੇ ਬਿਨ੍ਹਾਂ ਡਰੇ ਇਸ ਬਿਮਾਰੀ ਦਾ ਸਾਹਮਣਾ ਕੀਤਾ ਹੈ, ਸਮੇਂ 'ਤੇ ਇਲਾਜ ਕਰਵਾ ਕੇ ਖੁਦ ਦੀ ਜਾਨ ਬਚਾਈ ਹੈ। ਅਜਿਹਾ ਕਰਨ ਵਾਲਿਆਂ 'ਚ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਰਣਜੀਤ ਸਿੰਘ ਵੀ ਸ਼ਾਮਲ ਹੈ।
ਰਣਜੀਤ ਸਿੰਘ, ਜਿਨ੍ਹਾਂ ਨੇ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਬਿਨ੍ਹਾਂ ਡਰੇ ਸਾਹਮਣਾ ਕੀਤਾ ਅਤੇ ਇਸ ਬਿਮਾਰੀ ਨੂੰ ਮਾਤ ਦਿੱਤੀ, ਉਨ੍ਹਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ,'ਮੈਨੂੰ ਸਾਲ 2021 'ਚ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਸੀ। ਕੈਂਸਰ ਮੇਰੇ ਪਿਸ਼ਾਬ ਦੇ ਬਲੈਡਰ 'ਚ ਸੀ, ਜਿਸ ਕਰਕੇ ਪਿਸ਼ਾਬ ਆਉਣਾ ਬੰਦ ਹੋ ਗਿਆ ਸੀ। ਕੈਂਸਰ ਹੋਣ ਤੋਂ ਬਾਅਦ ਮੈਂ ਇਲਾਜ ਕਰਵਾਉਣ ਗਿਆ ਪਰ ਕੋਰੋਨਾ ਜ਼ਿਆਦਾ ਹੋਣ ਕਾਰਨ ਇਲਾਜ ਨਹੀਂ ਹੋ ਸਕਿਆ। ਫਿਰ ਅਸੀਂ ਬਠਿੰਡੇ ਦੇ ਡਾਕਟਰ ਨਾਲ ਸਪੰਰਕ ਕੀਤਾ। ਜਦੋਂ ਅਸੀਂ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਕੀਮੋ ਰਾਹੀਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ,'।
ਰਣਜੀਤ ਸਿੰਘ ਦਾ ਕੀਮੋ ਥੈਰੇਪੀ ਰਾਹੀਂ ਇਲਾਜ ਕੀਤਾ ਗਿਆ। ਰਣਜੀਤ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਕੀਮੋ ਲਗਾਈਆਂ ਸਨ, ਜਿਸ 'ਚ ਤਿੰਨ ਪੜਾਅ ਹੁੰਦੇ ਹਨ। ਪਹਿਲੇ ਪੜਾਅ 'ਚ ਦੋ ਕੀਮੋ ਹੁੰਦੀਆਂ ਹਨ, ਜੋ ਪਹਿਲਾਂ 15 ਦਿਨ ਬਾਅਦ ਅਤੇ ਫਿਰ ਹਫ਼ਤੇ ਬਾਅਦ ਲਗਾਈਆਂ ਜਾਂਦੀਆਂ ਹਨ। ਇਸ ਤਰ੍ਹਾਂ 6 ਕੀਮੋ ਲਗਾਈਆਂ ਗਈਆਂ ਅਤੇ ਫਿਰ ਕੀਮੋ ਬੰਦ ਕਰ ਦਿੱਤੀਆਂ ਗੀਆਂ।ਰਣਜੀਤ ਸਿੰਘ ਮੁਤਾਬਿਕ ਜਦੋਂ ਪਹਿਲੀ ਕੀਮੋ ਸਰਜਰੀ ਹੋਣ ਲੱਗੀ ਤਾਂ ਮਨ 'ਚ ਸਵਾਲ ਆਇਆ ਸੀ ਕਿ ਕੀਮੋ ਦਾ ਕੋਈ ਨੁਕਸਾਨ ਤਾਂ ਨਹੀਂ ਪਰ ਫਿਰ ਮੈਂ ਸੋਚਿਆ ਕਿ ਡਾਕਟਰ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੈ ਅਤੇ ਇਸ ਤੋਂ ਡਰਨਾ ਨਹੀਂ ਚਾਹੀਦਾ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਕੀਮੋ ਲੱਗਣ ਤੋਂ ਪਹਿਲਾਂ ਨੁਕਸਾਨ ਨੂੰ ਝੱਲਣ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਕੀਮੋ ਲੱਗਣ ਤੋਂ ਬਾਅਦ ਦਵਾਈਆਂ ਨੂੰ ਬਲੱਡ ਵਿੱਚ ਸੂਈ ਲਗਾ ਕੇ ਪਾਈਪ ਰਾਹੀਂ ਅੰਦਰ ਭੇਜਿਆ ਜਾਂਦਾ ਸੀ।
ਕੀਮੋ ਕੀ ਹੁੰਦੀ?
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੀਮੋਥੈਰੇਪੀ ਇੱਕ ਕੈਂਸਰ ਇਲਾਜ ਹੈ, ਜੋ ਕੈਂਸਰ ਸੈੱਲਾਂ ਨੂੰ ਮਾਰਨ ਜਾਂ ਉਨ੍ਹਾਂ ਦੇ ਵਾਧੇ ਨੂੰ ਰੋਕਣ ਲਈ ਦਵਾਈਆਂ ਦੀ ਵਰਤੋਂ ਨੂੰ ਸੁਖਾਲਾ ਕਰਦਾ ਹੈ। ਇਸ ਦੀ ਵਰਤੋਂ ਕਈ ਕਿਸਮਾਂ ਦੇ ਕੈਂਸਰ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।
ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ?
ਰਣਜੀਤ ਸਿੰਘ ਨੇ ਕਿਹਾ ਕਿ ਖਾਣ ਪੀਣ ਦੇ ਮਾਮਲੇ 'ਚ ਡਾਕਟਰ ਨੇ ਸਲਾਹ ਦਿੱਤੀ ਸੀ ਕਿ ਤੁਹਾਡਾ ਜੋ ਮਨ ਕਰਦਾ ਹੈ, ਉਹ ਖਾਓ ਪਰ ਸ਼ਰਾਬ, ਤੰਬਾਕੂ, ਕੋਲਡ ਡਰਿੰਕਸ ਅਤੇ ਫਾਸਟ ਫੂਡ ਆਦਿ ਚੀਜ਼ਾਂ ਤੋਂ ਪਰਹੇਜ਼ ਕਰੋ।
ਕਿਹੜੀਆਂ ਚੀਜ਼ਾਂ ਖਾਣੀਆਂ?
ਪਰਹੇਜ਼ ਕਰਨ ਤੋਂ ਇਲਾਵਾ ਰਣਜੀਤ ਸਿੰਘ ਨੂੰ ਡਾਕਟਰ ਨੇ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਵੀ ਸਲਾਹ ਦਿੱਤੀ ਸੀ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਰੋਜ਼ ਇੱਕ-ਦੋ ਅੰਡਾ ਖਾਣਾ ਫਾਇਦੇਮੰਦ ਹੋ ਸਕਦਾ ਹੈ।
- ਮੀਟ
- ਪਨੀਰ ਹਫ਼ਤੇ 'ਚ ਇੱਕ ਵਾਰ ਖਾਣਾ ਸਹੀ ਹੋ ਸਕਦਾ ਹੈ।
ਕੀਮੋ ਦਾ ਨੁਕਸਾਨ
ਰਣਜੀਤ ਸਿੰਘ ਨੇ ਦੱਸਿਆ ਕਿ, 'ਕੀਮੋ ਥੈਰੇਪੀ ਦੇ ਕੁਝ ਮਾੜੇ ਪ੍ਰਭਾਵ ਵੀ ਹੁੰਦੇ ਹਨ, ਜੋ ਮੈਨੂੰ ਵੀ ਬਰਦਾਸ਼ਤ ਕਰਨੇ ਪਏ ਸੀ। ਮਾੜੇ ਪ੍ਰਭਾਵ ਦੱਸਦੇ ਹੋਏ ਰਣਜੀਤ ਸਿੰਘ ਨੇ ਦੱਸਿਆ ਕਿ ਕੀਮੋ ਤੋਂ ਬਾਅਦ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਨਾ ਖਾਣ-ਪੀਣ ਨਾ ਹੋਣ ਕਰਕੇ ਮੇਰੇ ਗੋਡੇ ਸੁੰਗੜ ਗਏ ਸਨ। ਫਿਰ ਅਸੀਂ ਦੁਬਾਰਾ ਡਾਕਟਰ ਕੋਲ ਗਏ ਤਾਂ ਉਨ੍ਹਾਂ ਕਿਹਾ ਕਿ ਰੋਟੀ ਅਤੇ ਪਾਣੀ ਪੀਣਾ ਜ਼ਰੂਰੀ ਹੈ। ਫਿਰ ਮੈਂ ਰੋਟੀ ਅਤੇ ਪਾਣੀ ਵੱਲ ਪੂਰਾ ਧਿਆਨ ਦਿੱਤਾ। ਰਣਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ ਬਿਨ੍ਹਾਂ ਡਰੇ ਇਸ ਬਿਮਾਰੀ ਦਾ ਸਾਹਮਣਾ ਕਰੋ। ਇਸ ਤੋਂ ਇਲਾਵਾ, ਖੁਰਾਕ ਵੱਲ ਵੀ ਪੂਰਾ ਧਿਆਨ ਦਿਓ ਅਤੇ ਭਰਪੂਰ ਪਾਣੀ ਪੀਓ,'।
ਇਹ ਵੀ ਪੜ੍ਹੋ:-