ਚੰਡੀਗੜ੍ਹ:ਹਾਲ ਹੀ ਦੇ ਸਮੇਂ ਵਿੱਚ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਿਰਮਾਣ ਕਰ ਚੁੱਕੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ ਅਧੀਨ ਨਿਰਮਿਤ ਕੀਤੀ ਅਪਣੀ ਇੱਕ ਹੋਰ ਵੱਡੀ ਅਤੇ ਬਹੁ-ਚਰਚਿਤ ਫਿਲਮ 'ਅਕਾਲ' ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਹੈ, ਜੋ ਜਲਦ ਹੀ ਦੁਨੀਆ ਭਰ ਵਿੱਚ ਪ੍ਰਦਸ਼ਿਤ ਹੋਣ ਜਾ ਰਹੀ ਹੈ।
'ਹੰਬਲ ਮੋਸ਼ਨ ਪਿਕਚਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਦਕਿ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ। ਪੀਰੀਅਡ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਮੀਤਾ ਵਸ਼ਿਸ਼ਠ, ਅਸ਼ੀਸ਼ ਦੁੱਗਲ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਦੇ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਾ ਖਾਸ ਆਕਰਸ਼ਨ ਬਾਲੀਵੁੱਡ ਦੇ ਪ੍ਰਸਿੱਧ ਐਕਟਰ ਨਿਕਿਤਿਨ ਧੀਰ ਵੀ ਹੋਣਗੇ, ਜੋ ਇਸ ਫਿਲਮ ਵਿੱਚ ਨਿਭਾਏ ਕਾਫ਼ੀ ਪ੍ਰਭਾਵੀ ਰੋਲ ਦੁਆਰਾ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।