ਲੁਧਿਆਣਾ: ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਰਾਜੀਵ ਰਾਜਾ ਨੂੰ ਮਿਲਣ ਪਹੁੰਚੇ। ਰਾਜੀਵ ਰਾਜਾ ਨੂੰ ਹਾਲ ਹੀ ਵਿੱਚ ਲੁਧਿਆਣਾ ਪੁਲਿਸ ਨੇ ਜਬਰਨ ਵਸੂਲੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਬੀਤੇ ਦਿਨੀਂ ਰਾਜੀਵ ਰਾਜਾ ਨੂੰ ਫਿਰੋਤੀ ਮੰਗਣ ਦੇ ਮਾਮਲੇ ਚ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ।
ਕੇਂਦਰੀ ਮੰਤਰੀ ਬਿੱਟੂ ਨੇ ਲਾਇਆ ਇਲਜ਼ਾਮ
ਕੇਂਦਰੀ ਮੰਤਰੀ ਬਿੱਟੂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਇੱਕ ਸਾਜ਼ਿਸ਼ ਵਜੋਂ ਝੂਠੇ ਮਾਮਲਿਆਂ ਵਿੱਚ ਫਸਾਇਆ ਹੈ। ਰਾਜੀਵ ਰਾਜਾ ਦਾ ਕੋਈ ਕਸੂਰ ਨਹੀਂ ਸੀ ਅਤੇ ਉਸ ਨੂੰ ਜਾਣਬੁੱਝ ਕੇ ਇਸ ਮਾਮਲੇ ਵਿੱਚ ਫਸਾਇਆ ਗਿਆ ਸੀ। ਉਹ ਅੱਜ ਮੁੱਖ ਮੰਤਰੀ ਕੋਲ ਇਸ ਬਾਰੇ ਗੱਲ ਕਰਨ ਗਏ ਸਨ, ਪਰ ਉਹ ਭੱਜ ਗਏ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਅਧਿਕਾਰੀਆਂ 'ਤੇ ਲੁਧਿਆਣਾ ਤੋਂ ਨਿਕਲਣ ਵਾਲੇ ਬੁੱਢਾ ਨਾਲੇ ਦੇ ਸੁੰਦਰੀਕਰਨ ਲਈ ਲਗਭਗ 650 ਕਰੋੜ ਰੁਪਏ ਦਾ ਗਬਨ ਕਰਨ ਦਾ ਦੋਸ਼ ਲਗਾਇਆ।
ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਜਦੋਂ 8 ਤਾਰੀਖ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਚੋਣਾਂ ਹਾਰ ਗਈ ਤਾਂ ਉਥੇ ਕਪੂਰਥਲਾ ਹਾਉਸ ਵਿੱਚ ਰੇਡ ਹੋਈ ਜਿੱਥੇ ਇਨ੍ਹਾਂ ਨੇ ਪੈਸੇ ਰੱਖੇ ਹੋਏ ਸੀ। ਭਗਵੰਤ ਮਾਨ ਅਤੇ ਕੇਜਰੀਵਾਲ ਨੇ ਇਸਦਾ ਗੁੱਸਾ 10 ਤਾਰੀਖ ਨੂੰ ਕੱਢਿਆ, ਜੋ ਇਨ੍ਹਾਂ ਨੇ 50 ਜਗ੍ਹਾ 'ਤੇ ਰੇਡ ਕਰਵਾਈ। ਉਸ ਸਮੇਂ ਜੋ ਬੰਦੇ ਨਹੀਂ ਮਿਲੇ ਉਹ ਨਹੀਂ ਫੜ੍ਹੇ ਗਏ ਜਿਵੇਂ ਰਾਜੀਵ ਰਾਜਾ ਕਿਸੇ ਦੇ ਸਸਕਾਰ ਤੋਂ ਆ ਰਹੇ ਸੀ।
'ਪੰਜਾਬ ਸਰਕਾਰ ਹੁਣ ਸਿੱਧੇ ਤੌਰ 'ਤੇ ਦਿੱਲੀ ਤੋਂ ਚਲਾਈ ਜਾ ਰਹੀ ਹੈ'
ਇਸ ਤੋਂ ਅੱਗੇ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਬੁੱਢਾ ਨਾਲੇ ਦੀ ਸਫਾਈ ਦਾ ਕੰਮ ਸੰਤ ਬਲਬੀਰ ਸਿੰਘ ਸੀਚੇਵਾਲ ਕੁਝ ਲੱਖ ਰੁਪਏ ਨਾਲ ਕਰਵਾ ਰਹੇ ਹਨ ਪਰ ਇਸ ਸਰਕਾਰ ਦੇ ਵਿਧਾਇਕ ਅਤੇ ਅਧਿਕਾਰੀ ਅਜਿਹਾ ਨਹੀਂ ਕਰ ਸਕੇ। ਇਸੇ ਤਰ੍ਹਾਂ ਬਿੱਟੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਹੁਣ ਸਿੱਧੇ ਤੌਰ 'ਤੇ ਦਿੱਲੀ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਦਿੱਲੀ ਦੇ ਸਾਬਕਾ ਮੰਤਰੀ ਸਿਸੋਦੀਆ ਦੇ ਦੌਰੇ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ।