ਚੰਡੀਗੜ੍ਹ: ਪਾਲੀਵੁੱਡ 'ਚ ਇੰਨੀ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਲਹਿੰਦੇ ਪੰਜਾਬ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ, ਜੋ ਚੜ੍ਹਦੇ ਪੰਜਾਬ ਸੰਬੰਧਤ ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਅਤੇ ਸ਼ੁਰੂ ਹੋ ਚੁੱਕੀ ਪੰਜਾਬੀ ਫਿਲਮ 'ਸਰਦਾਰਜੀ 3' ਦਾ ਹਿੱਸਾ ਬਣਨ ਜਾ ਰਹੀ ਹੈ।
ਹਾਲ ਹੀ ਵਿੱਚ ਸਾਹਮਣੇ ਆਏ ਰੈਪਰ ਬਾਦਸ਼ਾਹ ਅਤੇ ਪੰਜਾਬੀ ਗਾਇਕ ਕਰਨ ਔਜਲਾ ਦੇ ਮਿਊਜ਼ਿਕ ਵੀਡੀਓਜ਼ ਦਾ ਵੀ ਸ਼ਾਨਦਾਰ ਹਿੱਸਾ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ, ਜੋ ਨਾ ਸਿਰਫ਼ ਪਾਕਿਸਤਾਨ ਭਰ ਸਗੋਂ ਭਾਰਤ ਸਮੇਤ ਕਈ ਹੋਰ ਮੁਲਕਾਂ ਵਿੱਚ ਕਾਫੀ ਫੈਨ ਫਾਲੋਇੰਗ ਰੱਖਦੀ ਹੈ।
ਲਾਹੌਰ ਫਿਲਮ ਉਦਯੋਗ ਦੀਆਂ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਅਦਾਕਾਰਾਂ ’ਚੋਂ ਇੱਕ ਮੋਹਰੀ ਨਾਂਅ ਹਾਨੀਆ ਆਮਿਰ ਨੂੰ ਪਾਲੀਵੁੱਡ ਦੇ ਕਈ ਮੰਨੇ-ਪ੍ਰਮੰਨੇ ਸਿਤਾਰੇ ਸੋਸ਼ਲ ਮੀਡੀਆ ਉੱਪਰ ਫਾਲੋ ਕਰਦੇ ਹਨ, ਜਿਸ 'ਚ ਪੰਜਾਬੀ ਗਾਇਕ ਐਮੀ ਵਿਰਕ, ਹਿਮਾਂਸ਼ੀ ਖੁਰਾਣਾ, ਤਾਨੀਆ, ਸਵੀਤਾਜ ਬਰਾੜ, ਅਰਮਾਨ ਬੇਦਿਲ ਅਤੇ ਪੰਜਾਬੀ ਸੰਗੀਤਕਾਰ ਜਾਨੀ ਵੀ ਸ਼ੁਮਾਰ ਹਨ।
ਵਿਸ਼ਵ ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਆਕਰਸ਼ਣ ਬਣਦੀ ਜਾ ਰਹੀ ਇਸ ਦਿਲਕਸ਼ ਅਦਾਕਾਰਾ ਦਾ ਜਨਮ 1997 ’ਚ ਰਾਵਲਪਿੰਡੀ, ਪਾਕਿਸਤਾਨ ’ਚ ਹੋਇਆ, ਉਨ੍ਹਾਂ ਦੇ ਪਰਿਵਾਰ ਅਨੁਸਾਰ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਦੀ ਰਹੀ ਇਸ ਪ੍ਰਤਿਭਾਵਾਨ ਅਦਾਕਾਰਾ ਜਦੋਂ ਉਹ ਕਾਲਜ ’ਚ ਸੀ ਤਾਂ ਉਸ ਨੇ ਰੁਮਾਂਟਿਕ-ਕਾਮੇਡੀ ਫਿਲਮ ‘ਜਾਨਮ’ ਲਈ ਪਹਿਲੀ ਵਾਰ ਆਡੀਸ਼ਨ ਦਿੱਤਾ ਅਤੇ 19 ਸਾਲ ਦੀ ਉਮਰ ’ਚ ਇਸੇ ਫਿਲਮ ਨਾਲ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕੀਤੀ।
ਹਾਲਾਂਕਿ ਉਸ ਨੂੰ ਸਹੀ ਮਾਅਨਿਆਂ ਵਿੱਚ ਪਛਾਣ ਪਾਕਿਸਤਾਨੀ ਟੀਵੀ ਦੀ ਪਾਪੂਲਰ ਸੀਰੀਜ਼ ‘ਤਿੱਤਲੀ’ ਨੇ ਦਿੱਤੀ, ਜਿਸ ’ਚ ਉਸ ਨੇ ਇੱਕ ਬੇਵਫ਼ਾ ਔਰਤ ਦੀ ਭੂਮਿਕਾ ਨਿਭਾਈ। ਫਿਰ ਉਹ ‘ਫਿਰ ਵਹੀ ਮੁਹੱਬਤ’ ਅਤੇ ‘ਵਿਸਾਲ’ ਵਰਗੇ ਸ਼ੋਅਜ਼ ’ਚ ਵੀ ਨਜ਼ਰ ਆਈ।
ਹਾਲਾਂਕਿ ਉਸ ਦੇ ਕਰੀਅਰ ’ਚ ਇੱਕ ਮੋੜ ਟੀਵੀ ਸ਼ੋਅ ‘ਮੇਰੇ ਹਮਸਫ਼ਰ’ ਨਾਲ ਵੀ ਆਇਆ, ਜਿਸ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿੱਤੀ। ਪਾਕਿਸਤਾਨ ’ਚ ਟੀਆਰਪੀ ਦੇ ਲਿਹਾਜ਼ ਨਾਲ ਇਹ ਸ਼ੋਅ ਟੌਪ ’ਤੇ ਰਿਹਾ। ਪਾਕਿਸਤਾਨ ਦੇ ਨਾਲ-ਨਾਲ ਭਾਰਤ, ਬੰਗਲਾਦੇਸ਼ ਅਤੇ ਨੇਪਾਲ ’ਚ ਵੀ ਇਸ ਨੂੰ ਵੱਡੇ ਪੱਧਰ ’ਤੇ ਦੇਖਿਆ ਗਿਆ ਹੈ। ਇੰਨੀ ਦਿਨੀਂ ਹਾਨੀਆ ਸ਼ੋਅ ‘ਮੁਝੇ ਪਿਆਰ ਹੂਆ ਥਾ’ ’ਚ ਨਜ਼ਰ ਆ ਰਹੀ ਹੈ, ਜਿਸ ਵਿੱਚ ਉਸ ਵੱਲੋਂ ਨਿਭਾਈ ਭੂਮਿਕਾ ਨੂੰ ਪਾਕਿ ਦੇ ਹਰ ਹਿੱਸੇ ਵਿੱਚ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲ ਰਿਹਾ ਹੈ।
ਇਹ ਵੀ ਪੜ੍ਹੋ: