ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਮੀਟਿੰਗ ਹੋਈ। ਜਿਸ ਦੌਰਾਨ 5 ਮਾਰਚ ਤੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ। ਖੇਤੀ ਮੰਡੀ ਨੀਤੀ ਖਰੜੇ ਅਤੇ ਖੇਤੀ ਮੰਗਾਂ ਦੀ ਪ੍ਰਾਪਤੀ ਲਈ ਸੰਰਘਸ਼ ਦਾ ਐਲਾਨ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜੱਥੇਬੰਦੀਆਂ ਨਾਲ ਮਿਲ ਕੇ ਇਹ ਪੱਕਾ ਮੋਰਚਾ ਲਗਾਇਆ ਜਾਵੇਗਾ। ਸੂਬਾ ਪੱਧਰੀ ਮੀਟਿੰਗ ਵਿੱਚ ਚੰਡੀਗੜ੍ਹ ਮੋਰਚੇ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਪੱਕੇ ਮੋਰਚੇ ਦਾ ਐਲਾਨ
ਇਸ ਮੌਕੇ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਨਵੀ ਖੇਤੀ ਮੰਡੀ ਨੀਤੀ ਖਰੜੇ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ 5 ਮਾਰਚ ਤੋਂ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਪੱਕੇ ਮੋਰਚੇ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਦੀਆਂ ਐਸਕੇਐਮ ਨਾਲ ਜੁੜੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਮਿਲ ਕੇ 5 ਮਾਰਚ ਤੋਂ ਇੱਕ ਹਫ਼ਤੇ ਤੱਕ ਪੱਕਾ ਮੋਰਚਾ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਕੋਠੀ ਅੱਗੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪੱਕਾ ਮੋਰਚਾ ਚੰਡੀਗੜ੍ਹ ਵਿਖੇ 5 ਦਿਨ ਲਗਾਤਾਰ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਮੋਰਚਾ ਲਗਾਤਾਰ ਚਲਾਉਣ ਸਬੰਧੀ ਅਤੇ ਇਸ ਵਿੱਚ ਸ਼ਮੂਲੀਅਤ ਅਤੇ ਇਸਦੀ ਤਿਆਰੀ ਵਜੋਂ ਮੀਟਿੰਗ ਕੀਤੀ ਗਈ ਹੈ।
ਇਸ ਮੋਰਚੇ ਵਿੱਚ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ 4 ਮਾਰਚ ਨੂੰ ਪੰਜਾਬ ਭਰ ਵਿੱਚੋਂ ਕਿਸਾਨਾਂ ਦੇ ਕਾਫ਼ਲੇ ਚੰਡੀਗੜ੍ਹ ਲਈ ਰਵਾਨਾ ਹੋਣਗੇ ਅਤੇ ਇਸਤੋਂ ਬਾਅਦ ਅਗਲੇ ਦਿਨ ਚੰਡੀਗੜ੍ਹ ਵਿੱਚ ਦਾਖ਼ਲ ਹੋਣਾ ਹੈ। ਉਹਨਾਂ ਕਿਹਾ ਕਿ ਸਾਡਾ ਪ੍ਰੋਗਰਾਮ ਸੈਕਟਰੀਏਟ ਅੱਗੇ ਜਾਣ ਦਾ ਹੈ ਅਤੇ ਬਾਕੀ ਮੌਕੇ ਉਪਰ ਤੈਅ ਕੀਤਾ ਜਾਵੇਗਾ। ਜੇਕਰ ਉਹਨਾਂ ਨੂੰ ਰੋਕਿਆ ਗਿਆ ਤਾਂ ਅਗਲਾ ਪ੍ਰੋਗਰਾਮ ਸਮੇਂ ਉਪਰ ਤੈਅ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਪੱਕੇ ਮੋਰਚੇ ਲਈ ਪਿੰਡਾਂ ਵਿੱਚ ਅੱਜ ਤੋਂ ਤਿਆਰੀ ਸ਼ੁਰੂ ਹੋਣਗੀਆਂ ਅਤੇ ਵੱਡੇ ਪੱਧਰ ਤੇ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਕੇ ਚੰਡੀਗੜ੍ਹ ਲਿਜਾਇਆ ਜਾਵੇਗਾ। ਉਹਨਾਂ ਕਿਹਾ ਕਿ ਚੰਡੀਗੜ੍ਹ ਕਿਸਾਨ ਟਰਾਲੀਆਂ, ਟਰੱਕ ਅਤੇ ਬੱਸਾਂ ਰਾਹੀਂ ਰਵਾਨਾ ਹੋਣਗੇ।