ਰੂਪਨਗਰ: ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆ ਰਹੇ ਭਾਰਤੀਆਂ ਦੇ ਮਾਮਲੇ 'ਤੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਇਸੇ ਨੂੰ ਲੈ ਕੇ ਐਮਪੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਇਹ ਕਹਿੰਦੇ ਹਨ ਕਿ ਉਹਨਾਂ ਦਾ ਡੰਕਾ ਸਾਰੀ ਦੁਨੀਆਂ ਦੇ ਵਿੱਚ ਵੱਜਦਾ ਹੈ ਪਰ ਦੂਜੇ ਪਾਸੇ ਜਿੰਨਾ ਹਾਲਾਤਾਂ 'ਚ ਬੇੜੀਆਂ ਨਾਲ ਬੰਨ ਕੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਅਤੇ ਫੌਜ਼ੀ ਜਹਾਜ਼ ਰਾਹੀਂ ਪੰਜਾਬ ਲਿਆਉਂਦਾ ਜਾ ਰਿਹਾ ਉਹ ਬਹੁਤ ਹੀ ਹੈਰਾਨੀ ਵਾਲਾ ਅਮਰੀਕਾ ਦਾ ਰਵੱਈਆ ਹੈ। ਉਹਨਾਂ ਵੱਲੋਂ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਨੌਜਵਾਨਾਂ ਬਾਬਤ ਵੀ ਆਪਣਾ ਪ੍ਰਤੀਕਰਮ ਦਿੰਦਿਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਉਨ੍ਹਾਂ ਨੇ ਡਿਪੋਰਟ ਕੀਤੇ ਭਾਰਤੀਆਂ ਨੂੰ ਬੇੜੀਆਂ ਤੇ ਹੱਥਕੜੀਆਂ ਪਹਿਨਾਉਣ ਦੀ ਵੀ ਨਿਖੇਧੀ ਕੀਤੀ ਹੈ।
ਪੰਜਾਬ ਦੇ ਲੋਕਾਂ ਲਈ ਕੰਮ ਕਰਨਾ
ਚੰਨੀ ਵੱਲੋਂ ਕਾਂਗਰਸ ਪਾਰਟੀ ਦੇ ਅੰਦਰੂਨੀ ਢਾਂਚੇ 'ਚ ਯਾਨੀ ਕਿ ਪਾਰਟੀ ਪੱਧਰ ਉੱਤੇ ਉਹਨਾਂ ਨੂੰ ਵੱਡੇ ਅਹੁਦੇ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ।ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੈਂਨੂੰ ਵੀ ਪਾਰਟੀ ਵੱਲੋਂ ਇਸ ਗੱਲਬਾਤ ਦੀ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਕਿਸੇ ਸੂਬੇ ਦਾ ਇੰਚਾਰਜ ਲਗਾਇਆ ਜਾ ਸਕਦਾ ਜਾਂ ਜਰਨਲ ਸਕੱਤਰ ਵੀ ਲਗਾਇਆ ਜਾ ਸਕਦਾ ਹੈ ਪਰ ਉਨ੍ਹਾਂ ਨੇ ਪਾਰਟੀ ਨੂੰ ਇਸ ਬਾਬਤ ਹੱਥ ਜੋੜ ਕੇ ਇਨਕਾਰ ਕਰ ਦਿੱਤਾ। ਚੰਨੀ ਨੇ ਕਿਹਾ ਕਿ ਉਹਨ੍ਹਾਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੇ ਜੋ ਮਾਣ ਦਿੱਤਾ ਹੈ। ਉਸ ਬਦਲੇ ਉਹ ਇੱਥੇ ਰਹਿ ਕੇ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ।