ਚੰਡੀਗੜ੍ਹ:ਪੰਜਾਬੀ ਸਾਹਿਤ ਵਿੱਚ ਰੁਚੀ ਰੱਖਣ ਵਾਲਾ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇ, ਜਿਸ ਨੇ ਕਵੀ ਸੁਰਜੀਤ ਪਾਤਰ ਨੂੰ ਪੜ੍ਹਿਆ ਨਾ ਹੋਵੇ। ਉਨ੍ਹਾਂ ਦੀਆਂ ਕਈ ਕਵਿਤਾਵਾਂ ਦਾ ਅਜਿਹੀਆਂ ਹਨ, ਜਿਨ੍ਹਾਂ ਨੇ ਲੋਕ ਗੀਤਾਂ ਵਾਂਗ ਲੋਕਾਂ ਦੀਆਂ ਜ਼ੁਬਾਨਾਂ ਉਤੇ ਰਾਜ ਕੀਤਾ ਹੋਇਆ ਹੈ।
ਹੁਣ 11 ਮਈ ਦੀ ਸਵੇਰ ਨੇ ਅਜਿਹੀ ਕਰਵੱਟ ਲਈ ਕਿ ਪੰਜਾਬੀ ਸਾਹਿਤ ਦੇ ਦਿੱਗਜ ਕਵੀ ਸੁਰਜੀਤ ਪਾਤਰ ਨੂੰ ਸਾਡੇ ਤੋਂ ਖੋਹ ਲਿਆ। ਜੀ ਹਾਂ...ਇਹ ਦਿੱਗਜ ਕਵੀ ਹੁਣ ਸਾਡੇ ਵਿੱਚ ਨਹੀਂ ਹਨ, ਉਹਨਾਂ ਦਾ ਹਾਰਟ ਅਟੈਕ ਆਉਣ ਨਾਲ ਦੇਹਾਂਤ ਹੋ ਗਿਆ ਪਰ ਇਹਨਾਂ ਦੀਆਂ ਲਿਖੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਸਾਡੇ ਵਿੱਚ ਰਹਿਣਗੀਆਂ।
ਹੁਣ ਇਸ ਦਿੱਗਜ ਕਵੀ ਦੇ ਦੇਹਾਂਤ ਨੇ ਸਾਹਿਤਕਾਰ, ਗੀਤਕਾਰ, ਗਾਇਕ, ਅਦਾਕਾਰ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ, ਕਵੀ ਦੇ ਇਸ ਬੇਵਖ਼ਤੇ ਦੇਹਾਂਤ ਨੇ ਸਭ ਨੂੰ ਵੱਡਾ ਸਦਮਾ ਦਿੱਤਾ। ਹੁਣ ਪੰਜਾਬੀ ਮਨੋਰੰਜਨ ਜਗਤ ਦੇ ਦਿੱਗਜ ਗਾਇਕ-ਅਦਾਕਾਰ ਸ਼ੋਸ਼ਲ ਮੀਡੀਆ ਉਤੇ ਕਵੀ ਨਾਲ ਸੰਬੰਧਿਤ ਪੋਸਟਾਂ ਪਾ ਕੇ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।
ਰਾਣਾ ਰਣਬੀਰ: ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਉਤੇ ਕਵੀ ਸੁਰਜੀਤ ਪਾਤਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਦੁੱਖਦਾਇਕ...ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ ਮੈਂ ਪਾਣੀ ‘ਤੇ ਲੀਕ ਹਾਂ।...ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ। ਅਲਵਿਦਾ ਪਾਤਰ ਸਾਹਿਬ।'
ਰਘਵੀਰ ਬੋਲੀ: ਅਦਾਕਾਰ ਰਘਵੀਰ ਬੋਲੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉਤੇ ਇਸ ਦੁਖਦਾਈ ਖਬਰ ਉਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ, 'ਜੇ ਆਈ ਪੱਤਝੜ ਤਾਂ ਫੇਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ, ਮੈਂ ਲੱਭ ਕੇ ਕਿਤਿਓ, ਲਿਆਉਨਾ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅਲਵਿਦਾ ਪਾਤਰ ਸਾਬ।'
ਭਗਵੰਤ ਮਾਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਕਵੀ ਸੁਰਜੀਤ ਪਾਤਰ ਦੀ ਮੌਤ ਉਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ, 'ਬਹੁਤ ਮੰਦਭਾਗੀ ਖਬਰ ਆ, ਪਰਮਾਤਮਾ ਵਿੱਛੜੀ ਹੋਈ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।'