ਬਠਿੰਡਾ: ਅਕਸਰ ਹੀ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ 'ਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ ਦੇ ਦੋਸ਼ ਲਗਾਏ ਜਾਂਦੇ ਰਹੇ ਹਨ ਅਤੇ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਹਨ। ਹੁਣ ਸੂਬਾ ਸਰਕਾਰ ਵੱਲੋਂ ਇਸ ਮਿੱਥ ਨੂੰ ਤੋੜਦੇ ਹੋਏ ਜਿੱਥੇ ਪਹਿਲਾਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਉਸਦਾ ਸਰਕਾਰੀਕਰਨ ਕੀਤਾ ਗਿਆ। ਉਥੇ ਹੀ ਹੁਣ ਬਠਿੰਡਾ ਦੇ ਇੰਪਰੂਵਮੈਂਟ ਟਰੱਸਟ ਵੱਲੋਂ ਸਰਕਾਰੀ ਪੈਟਰੋਲ ਪੰਪ ਲਗਾਇਆ ਜਾ ਰਿਹਾ ਹੈ। ਜਿਸ ਸਬੰਧੀ ਸਮੁੱਚੇ ਵਿਭਾਗਾਂ ਤੋਂ ਕਲੀਅਰੈਂਸ ਲੈ ਲਈ ਗਈ ਹੈ।
ਸਰਕਾਰੀ ਪੈਟਰੋਲ ਪੰਪ ਖੋਲ੍ਹਣ ਜਾ ਰਹੀ ਸੂਬਾ ਸਰਕਾਰ
ਇਸ ਸਬੰਧੀ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਉਨਾਂ ਵੱਲੋਂ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਮਿੱਥ ਨੂੰ ਤੋੜਦੇ ਹੋਏ ਅਜਿਹੇ ਕਾਰਜ ਕੀਤੇ ਜਾ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ ਉਥੇ ਹੀ ਪੰਜਾਬ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਕਰਨਗੇ। ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਟਰੱਸਟ ਕੋਲ ਕਮਰਸ਼ੀਅਲ ਪਲਾਟ ਪਏ ਸਨ, ਜਿੱਥੇ ਲੋਕਾਂ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਸੀ। ਇੰਨ੍ਹਾਂ ਦੀ ਕਰੋੜਾਂ ਰੁਪਏ ਦੀ ਕੀਮਤ ਸੀ ਅਤੇ ਕਈ ਕਾਰੋਬਾਰੀਆਂ ਦੀ ਇਸ ਪ੍ਰਾਪਰਟੀ ਉੱਪਰ ਅੱਖ ਸੀ।
ਸਰਕਾਰ ਵਲੋਂ ਪਾਸ ਕੀਤਾ ਜਾ ਚੁੱਕਿਆ ਪ੍ਰੋਜੈਕਟ
ਉਨ੍ਹਾਂ ਕਿਹਾ ਕਿ ਭਾਵੇਂ ਲਗਾਤਾਰ ਟਰੱਸਟ ਨੂੰ ਇਸ ਜ਼ਮੀਨ ਦੀ ਨਿਲਾਮੀ ਕਰਨ ਸਬੰਧੀ ਲਿਖਿਆ ਜਾਂਦਾ ਰਿਹਾ ਪਰ ਉਹਨਾਂ ਦਾ ਵਿਚਾਰ ਸੀ ਕਿ ਇਸ ਜ਼ਮੀਨ ਉੱਪਰ ਕੋਈ ਅਜਿਹਾ ਪ੍ਰੋਜੈਕਟ ਲਾਇਆ ਜਾਵੇ ਜੋ ਪੰਜਾਬ ਸਰਕਾਰ ਨੂੰ ਆਮਦਨ ਵੀ ਦੇਵੇ ਅਤੇ ਪੰਜਾਬੀਆਂ ਨੂੰ ਰੁਜ਼ਗਾਰ ਵੀ ਦੇਵੇ। ਇਸੇ ਲੜੀ ਤਹਿਤ ਉਹਨਾਂ ਵੱਲੋਂ ਇੱਕ ਪ੍ਰੋਜੈਕਟ ਪੈਟਰੋਲ ਪੰਪ ਲਗਾਉਣ ਦਾ ਤਿਆਰ ਕੀਤਾ ਗਿਆ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਇਸ ਪ੍ਰੋਜੈਕਟ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਜਿਨਾਂ ਵੱਲੋਂ ਹੱਲਾਸ਼ੇਰੀ ਦਿੰਦੇ ਹੋਏ ਵੱਖ-ਵੱਖ ਵਿਭਾਗਾਂ ਤੋਂ ਐਨਓਸੀ ਰਿਲੀਜ਼ ਕਰਵਾ ਕੇ ਦਿੱਤੀਆਂ ਗਈਆਂ।
ਸਰਕਾਰ ਨੂੰ ਆਮਦਨ ਤੇ ਨੌਜਵਾਨਾਂ ਨੂੰ ਰੁਜ਼ਗਾਰ
ਚੇਅਰਮੈਨ ਭੱਲਾ ਨੇ ਦੱਸਿਆ ਕਿ 1639 ਵਰਗ ਗਜ ਵਿੱਚ ਲੱਗਣ ਵਾਲੇ ਇਸ ਪੈਟਰੋਲ ਪੰਪ 'ਤੇ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਹੀ ਹਰ ਮਹੀਨੇ ਪੰਜ ਲੱਖ ਰੁਪਏ ਤੋਂ ਉੱਪਰ ਦੀ ਆਮਦਨ ਪੰਜਾਬ ਸਰਕਾਰ ਨੂੰ ਹੋਵੇਗੀ। ਉਹਨਾਂ ਕਿਹਾ ਕਿ ਇਸ ਕਦਮ ਦੇ ਚੁੱਕੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਨੇ ਭਰੋਸਾ ਦਿੱਤਾ ਕਿ ਉਹ ਸਮੁੱਚੇ ਸਰਕਾਰੀ ਵਿਭਾਗਾਂ ਨੂੰ ਹਦਾਇਤ ਕਰਨਗੇ ਕਿ ਪੈਟਰੋਲ ਪੰਪ ਚਾਲੂ ਹੋਣ ਤੋਂ ਬਾਅਦ ਸਾਰੀਆਂ ਸਰਕਾਰੀ ਗੱਡੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਇਸ ਪੈਟਰੋਲ ਪੰਪ ਤੋਂ ਖਰੀਦਿਆ ਜਾਵੇ।
ਪੈਟਰੋਲ ਪੰਪ ਕੰਪਨੀ ਨਾਲ ਹੋ ਚੁੱਕਿਆ ਕਰਾਰ
ਉਹਨਾਂ ਕਿਹਾ ਕਿ ਇਸ ਪੈਟਰੋਲ ਪੰਪ ਦੇ ਸ਼ੁਰੂ ਹੋਣ ਨਾਲ ਜਿੱਥੇ ਕਮਰਸ਼ੀਅਲ ਪ੍ਰੋਪਰਟੀ ਨੂੰ ਵਰਤੋਂ ਵਿੱਚ ਲਿਆਂਦਾ ਗਿਆ, ਉੱਥੇ ਹੀ ਇੱਕ ਟੀਚਾ ਮਿੱਥਿਆ ਗਿਆ ਕਿ ਲੋਕਾਂ ਨੂੰ ਮਾਤਰਾ ਅਤੇ ਗੁਣਵੱਤਾ ਦੇਣੀ ਹੈ ਤਾਂ ਜੋ ਉਸ ਮਿੱਥ ਨੂੰ ਤੋੜਿਆ ਜਾ ਸਕੇ ਜਿਸ ਮਿੱਥ ਰਾਹੀਂ ਲੋਕ ਇਹ ਕਹਿੰਦੇ ਹਨ ਕਿ ਸਰਕਾਰੀ ਵਿਭਾਗਾਂ ਵਿੱਚ ਕਾਰਜ ਠੀਕ ਨਹੀਂ ਹੁੰਦੇ। ਉਹਨਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਸੁਫ਼ਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਤੇ ਹਰ ਪੰਜਾਬੀ ਨੂੰ ਰੁਜ਼ਗਾਰ ਦੇ ਕੇ ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨਾ ਹੈ। ਇਸੇ ਸੋਚ ਨੂੰ ਲੈ ਕੇ ਉਹਨਾਂ ਵੱਲੋਂ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜੋ ਜਲਦ ਹੀ ਤਿਆਰ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਕੰਪਨੀ ਨਾਲ 15 ਸਾਲ ਦਾ ਕੰਟਰੈਕਟ ਹੋ ਚੁੱਕਿਆ ਹੈ ਅਤੇ ਜਲਦ ਹੀ ਐਚਪੀ ਕੰਪਨੀ ਦਾ ਪੈਟਰੋਲ ਪੰਪ ਸ਼ੁਰੂ ਕਰ ਦਿੱਤਾ ਜਾਵੇਗਾ।