ਪਟਨਾ ਸਾਹਿਬ: ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਲੱਖ ਤੋਂ ਵੱਧ ਸੰਗਤ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਲੰਗਰ ਪ੍ਰਸਾਦ ਨੂੰ ਅਨੰਦਿਤ ਕੀਤਾ। ਤਖਤ ਪਟਨਾ ਕਮੇਟੀ ਵੱਲੋਂ ਸੰਗਤ ਲਈ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਗਏ ਸਨ। ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸੀਨੀਅਰ ਪ੍ਰਧਾਨ ਲਖਵਿੰਦਰ ਸਿੰਘ, ਸਕੱਤਰ ਗੁਰਵਿੰਦਰ ਸਿੰਘ, ਮਹਾਸਚਿਵ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ ਅਤੇ ਪੂਰੀ ਕਮੇਟੀ ਨੇ ਸੰਗਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਪ੍ਰਕਾਸ਼ ਪੁਰਬ
ਸਰਦਾਰ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਹ ਅੰਦਾਜ਼ਾ ਸੀ ਕਿ ਇਸ ਮੌਕੇ ਵਡੀ ਗਿਣਤੀ ਅੰਦਰ ਸੰਗਤਾਂ ਤਖਤ ਸਾਹਿਬ ਦਰਸ਼ਨ ਲਈ ਆਉਣਗੀਆਂ 'ਤੇ ਕਮੇਟੀ ਨੇ ਸਾਰੇ ਪ੍ਰਬੰਧ ਪਹਿਲਾਂ ਹੀ ਕਰ ਲਏ ਸਨ, ਜਿਸ ਕਰਕੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ 4 ਤੋਂ 6 ਜਨਵਰੀ ਤੱਕ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵੀ ਬਹੁਤ ਸਾਰੀ ਸੰਗਤ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਹੈ, ਅਤੇ ਉਨ੍ਹਾਂ ਲਈ ਵੀ ਸਾਰੇ ਪ੍ਰਬੰਧ ਕਮੇਟੀ ਵੱਲੋਂ ਪੂਰਿਆਂ ਤੌਰ 'ਤੇ ਕੀਤੇ ਗਏ ਹਨ। ਸੰਗਤ ਦੀ ਰਹਿਣ-ਸਹਿਣ, ਲੰਗਰ, ਮੈਡੀਕਲ, ਅਤੇ ਯਾਤਰਾ ਆਦਿ ਦੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਗਏ ਹਨ।
ਪਟਨਾ ਸਾਹਿਬ ਵਿਖੇ ਹੋਇਆ ਸੀ ਜਨਮ
ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਵਜੋਂ ਪਟਨਾ ਸਾਹਿਬ ਜਾਂ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਦਾ ਮੌਜੂਦਾ ਅਸਥਾਨ 1950 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸਾਲ ਵੀ ਇੱਥੇ ਹੀ ਬਿਤਾਏ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੋਣ ਦੇ ਨਾਲ-ਨਾਲ ਪਟਨਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਕਾਰਨ ਵੀ ਸਿੱਖ ਧਰਮ ਵਿੱਚ ਹੋਰ ਮਾਨਤਾ ਮਿਲਦੀ ਹੈ।
ਸ਼ਸਤਰ ਵਿੱਦਿਆ ਦੇ ਵੀ ਧਨੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੇ ਵੀ ਧਨੀ ਸਨ। ਦਸਮ ਪਾਤਸ਼ਾਹ ਨੇ ਸੰਸਕ੍ਰਿਤ ਦੇ ਨਾਲ-ਨਾਲ ਫ਼ਾਰਸੀ ਦੀ ਵੀ ਪੜ੍ਹਾਈ ਕੀਤੀ। ਗੁਰੂ ਸਾਹਿਬ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤਾਂ ਭਾਈ ਭੀਖਣ ਸ਼ਾਹ ਨੇ ਉਸ ਦਿਨ ਚੜ੍ਹਦੇ ਵੱਲ ਮੂੰਹ ਕਰਕੇ ਨਮਾਜ਼ ਅਦਾ ਕੀਤੀ ਅਤੇ ਉਹ ਇਹ ਜਾਣਨ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਦੇ ਵਾਲੀ ਹਨ ਤਾਂ ਉਹ ਆਪਣੇ ਨਾਲ ਗੁਰੂ ਗੋਬਿੰਦ ਦੇ ਦਰਸ਼ਨਾਂ ਲਈ 2 ਦੁੱਧ ਦੇ ਕੌਲੇ ਲੈ ਗਏ ਅਤੇ ਗੁਰੂ ਸਾਹਿਬ ਅੱਗੇ ਕਰ ਕੇ ਪੁੱਛਿਆ ਕਿ ਤੁਸੀਂ ਕਿਸ ਧਰਮ ਦੇ ਪੈਗੰਬਰ ਹੋ ਤਾਂ ਬਾਲ ਗੋਬਿੰਦ ਜੀ ਨੇ ਦੋਹਾਂ ਕੌਲਿਆਂ ਉੱਤੇ ਹੱਥ ਰੱਖ ਦਿੱਤਾ। ਇਸ ਤੋਂ ਭੀਖਣ ਸ਼ਾਹ ਸਮਝ ਗਏ ਕਿ ਇਹ ਕੋਈ ਆਮ ਅਵਤਾਰ ਨਹੀਂ ਹਨ।
- ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਬੱਸਾਂ ਦੇ ਹੋਣਗੇ ਚੱਕੇ ਜਾਮ, ਜਾਣੋ ਕਿਹੜੀਆਂ ਨੇ ਤਾਰੀਖਾਂ...
- ਮਾਘੀ ਮੇਲੇ ’ਤੇ ਵੱਡੇ ਧਮਾਕੇ ਦੀ ਤਿਆਰੀ ’ਚ MP ਅੰਮ੍ਰਿਤਪਾਲ ਸਿੰਘ, ਨਵੀਂ ਖੇਤਰੀ ਪਾਰਟੀ ਦਾ ਕਰਨਗੇ ਐਲਾਨ !
- ਕੈਂਸਰ ਵਰਗੀ ਬਿਮਾਰੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਨੂੰ ਮੁੜ ਸੁਰਜੀਤ ਕਰਨ ਵਾਲੇ ਜਗਜੀਤ ਸਿੰਘ ਡੱਲੇਵਾਲ, ਕੀ ਉਨ੍ਹਾਂ ਦੇ ਜਿਉਂਦੇ ਜੀਅ ਬਣ ਸਕੇਗਾ MSP ਦਾ ਕਾਨੂੰਨ