ਮੁੰਬਈ:ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਗੋਲੀਬਾਰੀ ਦੀ ਘਟਨਾ 'ਚ ਸ਼ਾਮਲ ਲੋਕਾਂ ਦਾ ਇਰਾਦਾ ਸਿਰਫ ਉਨ੍ਹਾਂ ਨੂੰ ਡਰਾਉਣਾ ਸੀ ਨਾ ਕਿ ਉਨ੍ਹਾਂ ਨੂੰ ਮਾਰਨਾ।
ਦੋਸ਼ੀਆਂ ਨੇ ਪਨਵੇਲ ਸਥਿਤ ਸਲਮਾਨ ਖਾਨ ਦੇ ਫਾਰਮ ਹਾਊਸ ਦੀ 'ਰੇਕੀ' ਕੀਤੀ ਸੀ। ਉਨ੍ਹਾਂ ਦਾ ਇਰਾਦਾ ਸਿਰਫ਼ ਉਸਨੂੰ ਡਰਾਉਣਾ ਸੀ, ਉਸਨੂੰ ਮਾਰਨ ਦਾ ਨਹੀਂ। ਬਿਹਾਰ ਵਿੱਚ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ।
ਮੁੰਬਈ ਕ੍ਰਾਈਮ ਬ੍ਰਾਂਚ ਦੇ ਇੱਕ ਅਧਿਕਾਰੀ ਨੇ ਕਿਹਾ, 'ਹਰਿਆਣਾ ਅਤੇ ਹੋਰ ਰਾਜਾਂ ਤੋਂ ਕਰੀਬ 7 ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਸੰਬੰਧੀ ਪੁੱਛਗਿੱਛ ਜਾਰੀ ਹੈ। ਇਸ ਦੌਰਾਨ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਅਦਾਕਾਰ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਗਵਾਹ ਵਜੋਂ ਸਲਮਾਨ ਖਾਨ ਦੇ ਬਿਆਨ ਦਰਜ ਕਰੇਗੀ।'
ਘਟਨਾ ਤੋਂ ਬਾਅਦ ਜਦੋਂ ਮੁੰਬਈ ਪੁਲਿਸ ਅਧਿਕਾਰੀ ਸਲਮਾਨ ਖਾਨ ਦੇ ਘਰ ਪਹੁੰਚੇ ਤਾਂ ਅਦਾਕਾਰ ਨੇ ਕਥਿਤ ਤੌਰ 'ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਗੁੱਸਾ ਅਤੇ ਚਿੰਤਾ ਜ਼ਾਹਰ ਕੀਤੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੁੰਬਈ ਪੁਲਿਸ ਵੱਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੇ ਸਥਾਨ 'ਤੇ ਭਾਰੀ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਅਜਿਹੀ ਘਟਨਾ ਵਾਪਰੀ ਹੈ।
ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਖੁਲਾਸਾ ਕੀਤਾ ਸੀ ਕਿ ਹਮਲਾ ਕਰਨ ਤੋਂ ਪਹਿਲਾਂ ਅਪਰਾਧੀਆਂ ਨੇ ਅਦਾਕਾਰ ਦੇ ਘਰ ਦੀ ਰੇਕੀ ਕੀਤੀ ਸੀ। ਗੋਲੀਬਾਰੀ ਤੋਂ ਕੁਝ ਪਲ ਪਹਿਲਾਂ ਹਮਲਾਵਰਾਂ ਨੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟਸ ਸਥਿਤ ਸਲਮਾਨ ਖਾਨ ਦੀ ਰਿਹਾਇਸ਼ ਤੋਂ ਲਗਭਗ 100 ਮੀਟਰ ਦੂਰ ਮੋਟਰਸਾਈਕਲ ਪਾਰਕ ਕੀਤਾ ਸੀ। ਸਲਮਾਨ ਦੇ ਘਰ ਦੇ ਬਾਹਰ ਲੋਕਾਂ ਦੀ ਗੈਰ-ਮੌਜੂਦਗੀ ਦੀ ਪੁਸ਼ਟੀ ਕਰਨ ਤੋਂ ਬਾਅਦ ਸ਼ੂਟਰ ਮੋਟਰਸਾਈਕਲ 'ਤੇ ਕੰਪਲੈਕਸ ਦੇ ਕੋਲ ਪਹੁੰਚੇ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਗੋਲੀਬਾਰੀ ਕੀਤੀ।
ਇੱਕ ਹੋਰ ਘਟਨਾਕ੍ਰਮ ਵਿਚ ਮੁੰਬਈ ਪੁਲਿਸ ਨੇ ਫੇਸਬੁੱਕ 'ਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਦਾ ਹਵਾਲਾ ਦਿੰਦੇ ਹੋਏ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਅਨਮੋਲ ਬਿਸ਼ਨੋਈ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। ਉਸ ਨੇ ਫੇਸਬੁੱਕ 'ਤੇ ਗੋਲੀਬਾਰੀ ਦੀ ਘਟਨਾ ਬਾਰੇ ਲਿਖਿਆ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ।
ਇਸ ਮਾਮਲੇ 'ਚ ਕੱਛ ਪੁਲਿਸ ਨੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਲਈ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਮੁੰਬਈ ਦੀ ਫੋਰਟ ਕੋਰਟ ਨੇ ਮੈਡੀਕਲ ਜਾਂਚ ਤੋਂ ਬਾਅਦ ਬਿਹਾਰ ਦੇ ਰਹਿਣ ਵਾਲੇ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਨੂੰ 25 ਅਪ੍ਰੈਲ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਭੇਜ ਦਿੱਤਾ।