ਨਵੀਂ ਦਿੱਲੀ: ਗਾਇਕੀ ਦੀ ਦੁਨੀਆ 'ਚ ਆਪਣਾ ਨਾਂ ਬਣਾਉਣ ਤੋਂ ਬਾਅਦ ਹਿੰਦੀ ਸਿਨੇਮਾ ਦੀ ਮਸ਼ਹੂਰ ਗਾਇਕਾ ਅਨੁਰਾਧਾ ਪੌਡਵਾਲ ਹੁਣ ਰਾਜਨੀਤੀ 'ਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। ਅੱਜ 16 ਮਾਰਚ ਨੂੰ ਅਨੁਰਾਧਾ ਪੌਡਵਾਲ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ। ਅਨੁਰਾਧਾ ਪੌਡਵਾਲ ਪਾਰਟੀ ਦੇ ਸੀਨੀਅਰ ਆਗੂਆਂ ਅਰੁਣ ਸਿੰਘ ਅਤੇ ਅਨਿਲ ਬਲੂਨੀ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਨੁਰਾਧਾ ਪੌਡਵਾਲ ਭਾਜਪਾ ਦੀ ਟਿਕਟ 'ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜ ਸਕਦੀ ਹੈ। ਭਾਜਪਾ ਦੇ ਸੰਸਦ ਮੈਂਬਰ ਅਨਿਲ ਬਲੂਨੀ ਅਤੇ ਹੋਰ ਨੇਤਾਵਾਂ ਨੇ ਉਨ੍ਹਾਂ ਨੂੰ ਗੁਲਦਸਤਾ ਅਤੇ ਮੁੱਢਲੀ ਮੈਂਬਰਸ਼ਿਪ ਦਾ ਪ੍ਰਮਾਣ ਪੱਤਰ ਦੇ ਕੇ ਪਾਰਟੀ ਵਿੱਚ ਸਵਾਗਤ ਕੀਤਾ।
ਉਲੇਖਯੋਗ ਹੈ ਕਿ ਗਾਇਕਾ ਅਨੁਰਾਧਾ ਪੌਡਵਾਲ ਨੇ ਭਾਜਪਾ 'ਚ ਸ਼ਾਮਲ ਹੋਣ 'ਤੇ ਖੁਸ਼ੀ ਜਤਾਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, 'ਮੈਨੂੰ ਖੁਸ਼ੀ ਹੈ ਕਿ ਮੈਂ ਉਸ ਸਰਕਾਰ 'ਚ ਸ਼ਾਮਲ ਹੋ ਰਹੀ ਹਾਂ, ਜਿਸ ਦਾ ਸਨਾਤਨ (ਧਰਮ) ਨਾਲ ਡੂੰਘਾ ਸੰਬੰਧ ਹੈ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਅੱਜ ਭਾਜਪਾ ਵਿੱਚ ਸ਼ਾਮਲ ਹੋ ਰਹੀ ਹਾਂ।' ਮੀਡੀਆ ਰਿਪੋਰਟਾਂ ਮੁਤਾਬਕ ਅਨੁਰਾਧਾ ਹੁਸ਼ਿਆਰਪੁਰ (ਪੰਜਾਬ) ਤੋਂ ਲੋਕ ਸਭਾ ਚੋਣ ਲੜ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਗਾਇਕਾ ਅਨਰਾਧਾ ਪੌਡਵਾਲ ਦਾ ਨਾਂ ਸੰਗੀਤ ਦੀ ਦੁਨੀਆ 'ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। 90 ਦੇ ਦਹਾਕੇ 'ਚ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਕਬਜ਼ਾ ਕਰਨ ਵਾਲੀ ਅਨੁਰਾਧਾ ਪੌਡਵਾਲ ਨੇ 22 ਜਨਵਰੀ ਨੂੰ ਅਯੁੱਧਿਆ 'ਚ ਰਾਮਲਲਾ ਦੇ ਪ੍ਰਾਣ ਪ੍ਰਤੀਸਥਾ ਪ੍ਰੋਗਰਾਮ 'ਚ ਵੀ ਸ਼ਿਰਕਤ ਕੀਤੀ ਸੀ ਅਤੇ ਭਜਨ ਵੀ ਗਾਇਆ ਸੀ।