ਚੰਡੀਗੜ੍ਹ:2024 'ਚ ਨੈੱਟਫਲਿਕਸ 'ਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਉੱਪਰ ਬਣੀ ਫਿਲਮ 'ਅਮਰ ਸਿੰਘ ਚਮਕੀਲਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਇਸ ਫਿਲਮ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਨੇ ਇਸ ਫਿਲਮ ਨੂੰ ਲੈ ਕੇ ਕੁਝ ਅਜਿਹਾ ਕੀਤਾ ਸੀ, ਜਿਸ ਕਾਰਨ ਉਹ ਕਾਫੀ ਨਰਾਜ਼ ਹਨ।
ਜੀ ਹਾਂ...ਮਸ਼ਹੂਰ ਗਾਇਕ ਦਲੇਰ ਮਹਿੰਦੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੀ ਕਾਮਯਾਬੀ ਤੋਂ ਖੁਸ਼ ਹੈ ਪਰ ਉਨ੍ਹਾਂ ਨੇ ਦਿਲਜੀਤ ਦੇ ਇੱਕ ਫਿਲਮ ਵਿੱਚ ਨਜ਼ਰ ਆਉਣ 'ਤੇ ਨਾਰਾਜ਼ਗੀ ਜਤਾਈ ਹੈ। ਦਰਅਸਲ, ਦਿਲਜੀਤ ਨੇ ਫਿਲਮ 'ਅਮਰ ਸਿੰਘ ਚਮਕੀਲਾ' ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਗਾਇਕ ਨੇ ਇਸ ਵਿੱਚ ਦੁਸਾਂਝ ਦੇ ਕੰਮ ਦੀ ਸ਼ਲਾਘਾ ਕੀਤੀ ਪਰ ਇਸ ਕਿਰਦਾਰ ਲਈ ਦਿਲਜੀਤ ਨੇ ਆਪਣੇ ਵਾਲ਼ ਵੀ ਕੱਟੇ ਸਨ, ਜੋ ਦਲੇਰ ਮਹਿੰਦੀ ਨੂੰ ਪਸੰਦ ਨਹੀਂ ਆਏ।
ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਚ ਦਿਲਜੀਤ ਨੇ ਅਮਰ ਸਿੰਘ ਦਾ ਕਿਰਦਾਰ ਨਿਭਾਇਆ ਹੈ। ਜਦਕਿ ਪਰਿਣੀਤੀ ਚੋਪੜਾ ਨੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਜਦੋਂ ਦਿਲਜੀਤ ਦੇ ਕਿਰਦਾਰ ਨੂੰ ਲੈ ਕੇ ਦਲੇਰ ਮਹਿੰਦੀ ਦੀ ਚਰਚਾ ਹੋਈ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ।
ਜੀ ਹਾਂ...ਆਪਣੇ ਤਾਜ਼ਾ ਇੰਟਰਵਿਊ ਦੌਰਾਨ ਜਦੋਂ ਦਲੇਰ ਮਹਿੰਦੀ ਨੂੰ ਫਿਲਮ ਅਮਰ ਸਿੰਘ ਚਮਕੀਲਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਾਫੀ ਕੁੱਝ ਦੱਸਿਆ। ਦਲੇਰ ਮਹਿੰਦੀ ਨੇ ਕਿਹਾ, 'ਦਿਲਜੀਤ ਨਾ ਸਿਰਫ਼ ਇੱਕ ਸ਼ਾਨਦਾਰ ਗਾਇਕ ਹੈ, ਸਗੋਂ ਇੱਕ ਚੰਗਾ ਅਦਾਕਾਰ ਵੀ ਹੈ। ਚਮਕੀਲਾ ਵਿੱਚ ਉਸਦਾ ਕੰਮ ਬੇਸ਼ੱਕ ਅਦਭੁਤ ਸੀ, ਪਰ ਜਦੋਂ ਉਸਨੇ ਆਪਣੇ ਕੇਸ ਕਟਵਾਏ ਅਤੇ ਇਸ ਲਈ ਪੱਗ ਲਾਹ ਦਿੱਤੀ, ਤਾਂ ਮੈਂ ਥੋੜ੍ਹਾ ਪਰੇਸ਼ਾਨ ਹੋ ਗਿਆ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, "ਪਗੜੀ ਦਾ ਮਤਲਬ ਸਰਦਾਰ ਲਈ ਸਭ ਕੁਝ ਹੈ ਅਤੇ ਇਸ ਨੂੰ ਉਤਾਰਨ ਦੀ ਸਖਤ ਮਨਾਹੀ ਹੈ। ਪਰ ਕਿਸੇ ਕਿਰਦਾਰ ਲਈ, ਜੇ ਉਸਨੇ ਆਪਣੀ ਪੱਗ ਲਾਹ ਦਿੱਤੀ ਅਤੇ ਵਾਲ਼ ਵੀ ਕੱਟ ਲਏ, ਤਾਂ ਇਹ ਥੋੜਾ ਗਲਤ ਸੀ।" ਦਲੇਰ ਮਹਿੰਦੀ ਨੇ ਇਹ ਵੀ ਦੱਸਿਆ ਕਿ ਫਿਲਮ ਭਾਵੇਂ ਵੱਡੀ ਹੋਵੇ ਜਾਂ ਛੋਟੀ, ਉਸ ਨੂੰ ਹਮੇਸ਼ਾ ਆਪਣੀ ਪੱਗ ਬੰਨ੍ਹਣੀ ਚਾਹੀਦੀ ਹੈ। ਇਸ ਤੋਂ ਇਲਾਵਾ ਗਾਇਕ ਨੇ ਇਹ ਵੀ ਕਿਹਾ ਕਿ ਦਿਲਜੀਤ ਦੁਸਾਂਝ ਖੁਦ ਕਹਿੰਦੇ ਹਨ ਕਿ ਉਹ ਆਪਣੀ ਪੱਗ ਕਦੇ ਨਹੀਂ ਉਤਾਰਨਗੇ, ਪਰ ਉਨ੍ਹਾਂ ਨੇ ਫਿਲਮ ਲਈ ਅਜਿਹਾ ਕਿਉਂ ਕੀਤਾ?
ਇਥੇ ਇਹ ਉਲੇਖ ਕਰਨਾ ਬਣਦਾ ਹੈ ਕਿ ਪਹਿਲਾਂ ਹੀ ਇਮਤਿਆਜ਼ ਅਲੀ ਨੇ ਸਪੱਸ਼ਟ ਕੀਤਾ ਸੀ ਕਿ ਦਿਲਜੀਤ ਦੁਸਾਂਝ ਨੇ ਆਪਣੇ ਵਾਲ਼ ਨਹੀਂ ਕੱਟੇ ਸਨ। ਉਸ ਨੇ ਕਿਹਾ ਸੀ ਕਿ ਦਿਲਜੀਤ ਨੇ ਸਖ਼ਤ ਮਨ੍ਹਾ ਕੀਤਾ ਸੀ ਕਿ ਉਹ ਆਪਣੇ ਵਾਲ਼ ਨਹੀਂ ਕੱਟੇਗਾ, ਇਸ ਲਈ ਉਸ ਨੇ ਵਿੱਗ ਪਹਿਨੀ ਸੀ। ਇਸ ਗੱਲ ਨੂੰ ਦਿਲਜੀਤ ਨੇ ਇੱਕ ਇੰਟਰਵਿਊ 'ਚ ਵੀ ਸਾਫ਼ ਕੀਤਾ ਹੈ। ਦੂਜੇ ਪਾਸੇ ਗਾਇਕ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੇ ਇੰਡੀਆ ਟੂਰ 'ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੂੰ ਫਿਲਮ 'ਅਮਰ ਸਿੰਘ ਚਮਕੀਲਾ' ਲਈ ਬੈਸਟ ਅਦਾਕਾਰ ਦਾ ਐਵਾਰਡ ਵੀ ਮਿਲਿਆ ਹੈ।
ਇਹ ਵੀ ਪੜ੍ਹੋ: