ਚੰਡੀਗੜ੍ਹ: ਛੋਟੇ ਪਰਦੇ ਦੇ ਨਾਲ-ਨਾਲ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ 'ਚ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਸਟੈਂਡਅੱਪ-ਕਾਮੇਡੀਅਨ ਜਸਵੰਤ ਸਿੰਘ ਰਾਠੌਰ, ਜਿੰਨਾ ਨੂੰ ਆਨ ਫਲੌਰ ਹਿੰਦੀ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਦਾ ਅਹਿਮ ਹਿੱਸਾ ਬਣਾਇਆ ਗਿਆ, ਜੋ ਇਸ ਬਹੁ-ਚਰਚਿਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਸਪੋਰਟਿੰਗ ਰੋਲ ਅਦਾ ਕਰਦੇ ਨਜ਼ਰੀ ਪੈਣਗੇ।
'ਗੁਲਸ਼ਨ ਕੁਮਾਰ', 'ਟੀ-ਸੀਰੀਜ਼', 'ਬਾਲਾ ਜੀ ਟੈਲੀ ਫਿਲਮਜ਼', 'ਵਕਾਓ ਫਿਲਮਜ਼' ਵੱਲੋਂ 'ਥਿਕਿਕ ਪਿਕਚਰਜ਼' ਦੀ ਨਿਰਮਾਣ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਸ਼ੋਭਾ ਕਪੂਰ, ਏਕਤਾ ਕਪੂਰ, ਵਿਪੁਲ ਡੀ ਸ਼ਾਹ, ਅਸ਼ਵਨੀ ਯਾਰਡੇ, ਰਾਜੇਸ਼ ਬਹਿਲ ਹਨ, ਜਦਕਿ ਨਿਰਦੇਸ਼ਨ ਰਾਜ ਦੁਆਰਾ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ 'ਡ੍ਰੀਮ ਗਰਲ', 'ਡ੍ਰੀਮ ਗਰਲ 2', 'ਜਨਹਿਤ ਮੇਂ ਜਾਰੀ' ਆਦਿ ਜਿਹੀਆਂ ਸੁਪਰ ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕਰ ਚੁੱਕੇ ਹਨ।
ਉੱਤਰਾਖੰਡ ਦੇ ਖੂਬਸੂਰਤ ਸ਼ਹਿਰ ਦੇਹਰਾਦੂਨ, ਰਿਸ਼ੀਕੇਸ਼ ਅਤੇ ਇਸ ਦੇ ਆਸ-ਪਾਸ ਦੀਆਂ ਅਤਿ ਮਨਮੋਹਕ ਲੋਕੇਸ਼ਨਜ਼ ਉਪਰ ਆਪਣੇ ਪਹਿਲੇ ਸ਼ੈਡਿਊਲ ਅਧੀਨ ਫਿਲਮਬੱਧ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਬੇਹੱਦ ਪ੍ਰਭਾਵੀ ਕਿਰਦਾਰ ਅਦਾ ਕਰਨ ਜਾ ਰਹੇ ਹਨ ਅਦਾਕਾਰ ਕਾਮੇਡੀਅਨ ਜਸਵੰਤ ਰਾਠੌਰ, ਜਿੰਨਾਂ ਵੱਲੋਂ ਅਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਉਕਤ ਫਿਲਮ ਦੇ ਸ਼ੂਟਿੰਗ ਸਿਲਸਿਲੇ ਅਧੀਨ ਹੀ ਦੇਹਰਾਦੂਨ ਪੁੱਜੇ ਹੋਏ ਹੋਣਹਾਰ ਕਾਮੇਡੀਅਨ ਜਸਵੰਤ ਰਾਠੌਰ ਨੇ ਟੈਲੀਫੋਨਿਕ ਗੱਲਬਾਤ ਕਰਦਿਆਂ ਦੱਸਿਆ ਕਿ ਹਿੰਦੀ ਸਿਨੇਮਾ ਦੇ ਬਿਹਤਰੀਨ ਅਤੇ ਉੱਚ-ਕੋਟੀ ਲੇਖਕ ਅਤੇ ਨਿਰਦੇਸ਼ਕ ਵਜੋਂ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਰਾਜ ਸ਼ਾਂਡਾਂਲਿਆ, ਜਿੰਨਾਂ ਦੀ ਬਹੁਤ ਹੀ ਦਿਲਟੁੰਬਵੇਂ ਅਤੇ ਦਿਲਚਸਪ ਕਹਾਣੀਸਾਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਹਿੱਸਾ ਬਨਣਾ ਉਨਾਂ ਲਈ ਬੇਹੱਦ ਮਾਣ ਵਾਲੀ ਗੱਲ ਰਹੀ ਹੈ, ਜਿਸ ਦੌਰਾਨ ਉਨਾਂ ਨੂੰ ਬਾਲੀਵੁੱਡ ਦੇ ਕਈ ਦਿੱਗਜ ਅਤੇ ਮੰਝੇ ਹੋਏ ਐਕਟਰਜ਼ ਨਾਲ ਵੀ ਸਕਰੀਨ ਸ਼ੇਅਰ ਕਰਨ ਦਾ ਅਵਸਰ ਮਿਲ ਰਿਹਾ ਹੈ, ਜੋ ਕਿ ਉਨਾਂ ਦੇ ਕਰੀਅਰ ਲਈ ਇੱਕ ਹੋਰ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਵੇਗਾ।
ਉਨਾਂ ਦੱਸਿਆ ਕਿ ਰੁਮਾਂਟਿਕ ਕਾਮੇਡੀ ਥੀਮ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਰਾਜਕੁਮਾਰ ਰਾਓ, ਮਲਿਕਾ ਸ਼ੇਰਾਵਤ, ਟਿੰਕੂ ਤਲਸਾਨੀਆ, ਵਿਜੇ ਰਾਜ, ਮੁਬੀਨ ਸੁਦਾਗਰ ਆਦਿ ਜਿਹੇ ਕਈ ਮੰਨੇ-ਪ੍ਰਮੰਨੇ ਚਿਹਰੇ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਨਾਲ ਚੁਣੌਤੀਪੂਰਨ ਰੋਲ ਅਦਾ ਕਰਨਾ ਉਨਾਂ ਲਈ ਇੱਕ ਹੋਰ ਬਹੁਤ ਹੀ ਯਾਦਗਾਰੀ ਸਿਨੇਮਾ ਅਨੁਭਵ ਹੈ।
ਅਪਣੇ ਆਗਾਮੀ ਪ੍ਰੋਜੈਕਟਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਬਾਕਮਾਲ ਕਾਮੇਡੀਅਨ ਨੇ ਦੱਸਿਆ ਆਉਣ ਵਾਲੇ ਦਿਨਾਂ ਵਿੱਚ ਉਨਾਂ ਦੇ ਕੁਝ ਹੋਰ ਪੰਜਾਬੀ ਅਤੇ ਹਿੰਦੀ ਫਿਲਮ ਪ੍ਰੋਜੈਕਟਸ ਵੀ ਆਨ ਫਲੌਰ ਪੜਾਅ ਵੱਲ ਵਧਣ ਜਾ ਰਹੇ ਹਨ, ਜਿੰਨਾਂ ਬਾਰੇ ਵਿਸਥਾਰਕ ਜਾਣਕਾਰੀ ਵੀ ਉਹ ਜਲਦ ਸਾਂਝੀ ਕਰਨਗੇ।