ਚੰਡੀਗੜ੍ਹ:ਪਾਲੀਵੁੱਡ ਸਟਾਰ ਜੈ ਰੰਧਾਵਾ ਦੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਬਦਨਾਮ' ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਦਾ ਕੇਂਦਰ-ਬਿੰਦੂ ਬਣੀ ਹੋਈ ਹੈ, ਜਿਸ ਨੂੰ ਹਰ ਪੱਖੋਂ ਆਹਲਾ ਰੰਗ ਦੇਣ ਲਈ ਫਿਲਮ ਨਿਰਮਾਣ ਟੀਮ ਵੱਲੋਂ ਹਰ ਸੰਭਵ ਕਵਾਇਦ ਅਪਣਾਈ ਜਾ ਰਹੀ ਹੈ ਅਤੇ ਇਸੇ ਮੱਦੇਨਜ਼ਰ ਫਿਲਮ ਦਾ ਹਿੱਸਾ ਬਣੀ ਨਜ਼ਰ ਆਵੇਗੀ ਚਰਚਿਤ ਬਾਲੀਵੁੱਡ ਅਦਾਕਾਰਾ ਨਿੱਕੀ ਤੰਬੋਲੀ, ਜੋ ਇਸ ਬਹੁ-ਚਰਚਿਤ ਫਿਲਮ ਵਿੱਚ ਇੱਕ ਖਾਸ ਆਈਟਮ ਗੀਤ ਨੂੰ ਅੰਜ਼ਾਮ ਦਿੰਦੀ ਨਜ਼ਰੀ ਪਵੇਗੀ।
ਟੈਲੀਵਿਜ਼ਨ ਦੇ ਵਿਵਾਦਿਤ ਅਤੇ ਚਰਚਿਤ ਰਿਐਲਟੀ ਸ਼ੋਅ ਬਿੱਗ ਬੌਸ 14 ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਨਿੱਕੀ ਤੰਬੋਲੀ ਦੀ ਉਕਤ ਪਹਿਲੀ ਪੰਜਾਬੀ ਫਿਲਮ ਹੈ, ਜਿਸ ਦੁਆਰਾ ਇਹ ਖੂਬਸੂਰਤ ਅਦਾਕਾਰਾ ਪਹਿਲੀ ਵਾਰ ਪੰਜਾਬੀ ਸਕ੍ਰੀਨ ਉਪਰ ਆਪਣੀ ਪ੍ਰਭਾਵੀ ਸਕ੍ਰੀਨ ਮੌਜ਼ੂਦਗੀ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾਏਗੀ, ਜੋ ਅਪਣੀ ਇਸ ਪਲੇਠੀ ਪਾਲੀਵੁੱਡ ਆਮਦ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਬੀ-ਟਾਊਨ ਦੇ ਗਲੈਮਰ ਗਲਿਆਰਿਆਂ ਵਿੱਚ ਆਪਣੇ ਬੇਬਾਕਪਣ ਨੂੰ ਲੈ ਕੇ ਲਗਾਤਾਰ ਆਕਰਸ਼ਨ ਬਣੀ ਰਹਿਣ ਵਾਲੀ ਅਦਾਕਾਰਾ ਨਿੱਕੀ ਤੰਬੋਲੀ ਉੱਪਰ ਫਿਲਮਾਏ ਗਏ ਉਕਤ ਆਈਟਮ ਗੀਤ ਨੂੰ ਬੇਹੱਦ ਵਿਸ਼ਾਲ ਕੈਨਵਸ ਪੱਧਰ ਅਧੀਨ ਫਿਲਮਬੱਧ ਕੀਤਾ ਗਿਆ ਹੈ, ਜਿਸ ਵਿੱਚ ਜੈ ਰੰਧਾਵਾ ਦਾ ਵੀ ਇੱਕ ਹੋਰ ਮਸਤੀ ਭਰਿਆ ਖਾਸ ਅੰਦਾਜ਼ ਦਰਸ਼ਕਾਂ ਨੂੰ ਉਸ ਦੇ ਚਾਹੁੰਣ ਵਾਲਿਆਂ ਨੂੰ ਵੇਖਣ ਨੂੰ ਮਿਲੇਗਾ।