ਚੰਡੀਗੜ੍ਹ: 'ਜੱਟ ਐਂਡ ਜੂਲੀਅਟ 3' ਦੀ ਸੁਪਰ ਡੁਪਰ ਸਫਲਤਾ ਨੇ ਪੰਜਾਬੀ ਸਿਨੇਮਾ ਦਾ ਵਿਹੜਾ ਰੌਸ਼ਨੀਆਂ ਅਤੇ ਰੰਗੀਨੀਆਂ ਨਾਲ ਲਬਰੇਜ਼ ਕਰ ਦਿੱਤਾ ਹੈ, ਜਿਸ ਦਾ ਹੀ ਇਜ਼ਹਾਰ ਕਰਵਾ ਰਹੀਆਂ ਨਵੀਆਂ ਸ਼ੁਰੂ ਹੋਈਆਂ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ, ਪੰਜਾਬੀ ਫਿਲਮ 'ਚਾਚਾ ਜਾਨ', ਜਿਸ ਵਿੱਚ ਗਾਇਕ ਅਦਾਕਾਰ ਬੱਬਲ ਰਾਏ ਲੀਡ ਭੂਮਿਕਾ ਨਿਭਾਉਣ ਜਾ ਰਹੇ ਹਨ।
'ਫਤਿਹ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਮਾਣ ਗੁਰਪਾਲ ਹੇਅਰ ਕਰ ਰਹੇ ਹਨ, ਜਦ ਕਿ ਨਿਰਦੇਸ਼ਨ ਵਾਂਗਡੋਰ ਤਾਜ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਆਫ ਬੀਟ ਫਿਲਮਾਂ ਦਾ ਨਿਰਦੇਸ਼ਨ ਕਰ ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰੀ ਸੁਮੇਲ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਦਿਲਚਸਪ-ਪਰਿਵਾਰਿਕ-ਡਰਾਮਾ ਫਿਲਮ ਵਿੱਚ ਨਵੇਂ ਚਿਹਰੇ ਸੰਗਤਾਰ ਤੋਂ ਇਲਾਵਾ ਨਾਸਿਰ, ਪ੍ਰੀਤ ਔਜਲਾ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਸਲੀਮ ਅਲਬੇਲਾ, ਰੂਬੀ ਅਨਮ, ਮਲਕੀਤ ਰੌਣੀ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਉਮਦਾ ਫਿਲਮ ਦਾ ਲੇਖਨ ਰਮਨਦੀਪ ਕੌਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਖੂਬਸੂਰਤ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਲੇਖਕ ਇੱਕ ਨਵੇਂ ਸਫ਼ਰ ਦਾ ਆਗਾਜ਼ ਕਰਨਗੇ।
ਸਾਲ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਲੰਬੜਾਂ ਦਾ ਵਿਹੜਾ' ਵਿੱਚ ਅਦਾਕਾਰਾ ਸਾਰਾ ਗੁਰਪਾਲ ਨਾਲ ਬਤੌਰ ਲੀਡ ਐਕਟਰ ਨਜ਼ਰ ਆਏ ਗਾਇਕ-ਅਦਾਕਾਰ ਬੱਬਲ ਰਾਏ, ਲੰਮੇਂ ਵਕਫ਼ੇ ਬਾਅਦ ਪਾਲੀਵੁੱਡ ਦਾ ਹਿੱਸਾ ਬਣਨ ਜਾ ਰਹੇ ਹਨ, ਜੋ ਸ਼ੁਰੂ ਹੋਣ ਜਾ ਰਹੀ ਅਪਣੀ ਉਕਤ ਨਵੀਂ ਫਿਲਮ ਵਿੱਚ ਕਾਫ਼ੀ ਅਲਹਦਾ ਅਤੇ ਭਾਵਪੂਰਨ ਰੋਲ ਅਦਾ ਕਰਦੇ ਨਜ਼ਰੀ ਪੈਣਗੇ।
ਮਨ ਨੂੰ ਛੂਹ ਲੈਣ ਵਾਲੀ ਦਿਲਟੁੰਬਵੀਂ ਕਹਾਣੀ ਅਧਾਰਿਤ ਇਹ ਪੰਜਾਬੀ ਫੀਚਰ ਫਿਲਮ ਨਿਰਦੇਸ਼ਕ ਤਾਜ ਦੇ ਇੱਕ ਹੋਰ ਬਿਹਤਰੀਨ ਸਿਨੇਮਾ ਪ੍ਰੋਜੈਕਟ ਵਜੋਂ ਸਾਹਮਣੇ ਆਉਣ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਕ ਦੇ ਰੂਪ ਵਿੱਚ ਬਣਾਈਆਂ ਹਾਲੀਆਂ ਫਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਿੱਚ 'ਪਿੰਡ ਵਾਲਾ ਸਕੂਲ', 'ਲੰਬੜਾ ਦਾ ਲਾਣਾ', 'ਇੱਟਾ ਦਾ ਘਰ', 'ਫਸਲ', 'ਪੇਂਟਰ', 'ਟੈਲੀਵਿਜ਼ਨ' ਆਦਿ ਸ਼ੁਮਾਰ ਰਹੀਆਂ ਹਨ।