ਮੁੰਬਈ (ਬਿਊਰੋ): ਬਾਲੀਵੁੱਡ ਦੇ ਦਿੱਗਜ ਅਦਾਕਾਰ ਰਾਜਪਾਲ ਯਾਦਵ ਇਨ੍ਹੀਂ ਦਿਨੀਂ ਮੁਸ਼ਕਿਲਾਂ 'ਚੋਂ ਗੁਜ਼ਰ ਰਹੇ ਹਨ। ਹਾਲ ਹੀ 'ਚ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ ਅਤੇ ਹੁਣ ਖਬਰ ਆਈ ਹੈ ਕਿ ਉਨ੍ਹਾਂ ਦੇ ਪਿਤਾ ਨੌਰੰਗ ਯਾਦਵ ਦਾ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਹੈ।
ਰਾਜਪਾਲ ਯਾਦਵ ਦੇ ਪਿਤਾ ਪਿਛਲੇ ਦੋ ਦਿਨਾਂ ਤੋਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਦਾਖ਼ਲ ਸਨ। ਇਸ ਦੌਰਾਨ ਰਾਜਪਾਲ ਯਾਦਵ ਥਾਈਲੈਂਡ 'ਚ ਸਨ ਅਤੇ ਆਪਣੇ ਪਿਤਾ ਦੇ ਦੇਹਾਂਤ ਦੀ ਖਬਰ ਮਿਲਣ ਤੋਂ ਬਾਅਦ ਉਹ ਸਿੱਧੇ ਦਿੱਲੀ ਏਮਜ਼ ਪੁੱਜੇ। ਪਰਿਵਾਰਕ ਮੈਂਬਰਾਂ ਨੂੰ ਆਸ ਸੀ ਕਿ ਨੌਰੰਗ ਯਾਦਵ ਜਲਦੀ ਠੀਕ ਹੋ ਕੇ ਘਰ ਪਹੁੰਚ ਜਾਣਗੇ, ਪਰ ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਪਰਿਵਾਰ ਅਤੇ ਅਦਾਕਾਰ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
ਤੁਹਾਨੂੰ ਦੱਸ ਦੇਈਏ ਕਿ 53 ਸਾਲ ਦੇ ਅਦਾਕਾਰ ਰਾਜਪਾਲ ਯਾਦਵ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਰਹਿਣ ਵਾਲੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਹੀ ਹੋਵੇਗਾ। ਰਾਜਪਾਲ ਯਾਦਵ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਕੰਮ ਕਰ ਰਹੇ ਹਨ। ਉਹ ਫਿਲਮਾਂ ਵਿੱਚ ਕਾਮੇਡੀ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ। ਰਾਜਪਾਲ ਯਾਦਵ ਸਖਤ ਸੰਘਰਸ਼ ਤੋਂ ਬਾਅਦ ਮੁੰਬਈ ਪਹੁੰਚੇ ਅਤੇ ਫਿਰ ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਇੱਕ ਤੋਂ ਬਾਅਦ ਇਕ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਰਾਜਪਾਲ ਯਾਦਵ ਦਾ ਵਰਕਫਰੰਟ
ਰਾਜਪਾਲ ਯਾਦਵ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨਾਲ ਵੀ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਰਾਜਪਾਲ ਅਤੇ ਅਕਸ਼ੈ ਦੀ ਜੋੜੀ ਨੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਰਾਜਪਾਲ ਯਾਦਵ ਅਜੇ ਵੀ ਫਿਲਮਾਂ ਵਿੱਚ ਸਰਗਰਮ ਹੈ ਅਤੇ ਪਿਛਲੀ ਵਾਰ ਵਰੁਣ ਧਵਨ ਦੀ ਫਿਲਮ 'ਬੇਬੀ ਜੌਨ' (2024) ਵਿੱਚ ਦੇਖਿਆ ਗਿਆ ਸੀ।
ਹੁਣ ਰਾਜਪਾਲ ਯਾਦਵ ਕਾਮੇਡੀ ਫਿਲਮਾਂ 'ਵੈਲਕਮ 3' ਅਤੇ 'ਆਂਖ ਮਿਚੋਲੀ 2' ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਹਾਲ ਹੀ ਵਿੱਚ ਰਾਜਪਾਲ ਯਾਦਵ ਨੂੰ ਪਾਕਿਸਤਾਨ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਜਪਾਲ ਦੇ ਨਾਲ-ਨਾਲ ਕਪਿਲ ਸ਼ਰਮਾ, ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਅਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ: