ਅਮ੍ਰਿਤਸਰ : ਵਾਹਘਾ ਬਾਰਡਰ ਉੱਤੇ ਬੀਐੱਸਐੱਫ ਅਧਿਕਾਰੀਆ ਵੱਲੋਂ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਾਹਘਾ ਬਾਰਡਰ ਉੱਤੇ ਤਾਇਨਾਤ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਸਾਲ ਵਿੱਚ ਚਾਰ ਤੋਂ ਪੰਜ ਵਾਰ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਤਰੀਕ ਜਾਂ ਫਿਰ 14 ਤਰੀਕ ਨੂੰ ਇਹ ਸਮਾਂ ਬਦਲਿਆ ਜਾਂਦਾ ਹੈ।
ਰਿਟਰੀਟ ਸੈਰੇਮਨੀ ਦਾ ਸਮਾਂ ਤਬਦੀਲ
ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਅੱਗੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ, 'ਬੀਤੇ ਦਿਨ ਦੋ ਫਰਵਰੀ ਨੂੰ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਹੁਣ ਦੋਵਾਂ ਮੁਲਕਾਂ ਦੇ ਸਾਂਝੇ ਬਾਰਡਰ ਉੱਤੇ ਹੁੰਦੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪਹਿਲਾਂ ਇਹ ਸਮਾਂ ਸ਼ਾਮ ਸਾਢੇ ਚਾਰ ਤੋਂ ਪੰਜ ਵਜੇ ਤੱਕ ਦਾ ਸੀ ਪਰ ਹੁਣ ਇਹ ਸਮਾਂ ਪੰਜ ਵਜੇ ਤੋਂ ਸਾਢੇ ਪੰਜ ਵਜੇ ਤੱਕ ਦਾ ਕਰ ਦਿੱਤਾ ਗਿਆ ਹੈ,'।
ਸਾਲ ਵਿੱਚ ਕਈ ਵਾਰ ਹੁੰਦਾ ਹੈ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ
ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਮੁਤਾਬਿਕ ਮੌਸਮ ਦੇ ਹਿਸਾਬ ਨਾਲ ਇਹ ਸਮਾਂ ਬਦਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸੈਲਾਨੀ ਵਾਹਘਾ ਬਾਰਡਰ ਉੱਤੇ ਰਿਟਰੀਟ ਸੈਰੇਮਨੀ ਵੇਖਣ ਆਉਂਦੇ ਹਨ। ਹੁਣ ਉਹ ਸਾਢੇ ਤਿੰਨ ਵਜੇ ਤੱਕ ਵਾਹਘਾ ਬਾਰਡਰ ਪੁਹੰਚ ਕੇ ਰਿਟਰੀਟ ਸੈਰੇਮਨੀ ਦਾ ਅਨੰਦ ਮਾਣ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਪੂਰੇ ਸਾਲ ਦੇ ਵਿੱਚ ਰਿਟਰੀਟ ਸੈਰੇਮਨੀ ਦਾ ਸਮਾਂ ਲਗਭਗ 4 ਵਾਰ ਬਦਲਿਆ ਜਾਂਦਾ ਹੈ। ਕਈ ਵਾਰ ਜ਼ਿਆਦਾ ਗਰਮੀ ਅਤੇ ਕਈ ਵਾਰ ਜ਼ਿਆਦਾ ਸਰਦੀ ਦੇ ਹਿਸਾਬ ਨਾਲ ਸਮੇਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੂਰਜ ਛਿਪਣ ਦੇ ਸਮੇਂ ਵਿੱਚ ਬਦਲਾਅ ਹੋਣ ਉੱਤੇ ਜਾਂ ਬਰਸਾਤ ਦੇ ਮੌਸਮ ਵਿੱਚ ਕਈ ਵਾਰ ਇਹ ਸਮਾਂ ਬਦਲਿਆਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਇਸ ਰਿਟਰੀਟ ਸੈਰੇਮਨੀ ਦਾ ਅਨੰਦ ਲੈਣ ਲਈ ਸੈਲਾਨੀ ਪਹੁੰਚਦੇ ਹਨ, ਇਸ ਲਈ ਬਾਰਡਰ ਸਿਕਿਓਰਿਟੀ ਫੋਰਸ ਵੱਲੋਂ ਸਭ ਨੂੰ ਸਮੇਂ ਦੀ ਤਬਦੀਲੀ ਸਬੰਧੀ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਜਾਂਦਾ ਹੈ।