ਬਠਿੰਡਾ: ਪੰਜਾਬ ਵਿੱਚ ਆਏ ਦਿਨ ਸਕੂਲ ਵੈਨ ਦੇ ਵਾਪਰ ਰਹੇ ਹਾਦਸਿਆਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸੇਫ ਸਕੂਲ ਵਾਹਨ ਪਾਲਸੀ ਨੂੰ ਲਾਗੂ ਕਰਨ ਦੀਆਂ ਪੰਜਾਬ ਭਰ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਹਨ। ਭਾਵੇਂ ਇਹ ਹਦਾਇਤਾਂ ਹਰ ਸਾਲ ਸਕੂਲਾਂ ਨੂੰ ਦਿੱਤੀਆਂ ਜਾਂਦੀਆਂ ਹਨ, ਪਰ ਇਸ ਸਾਲ ਇੰਨ੍ਹਾਂ ਹਦਾਇਤਾਂ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਸੇਫ ਸਕੂਲ ਪਾਲਸੀ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਦੀ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਬਕਾਇਦਾ ਸੇਫ ਸਕੂਲ ਵੈਨ ਪਾਲਿਸੀ ਤਹਿਤ ਸਕੂਲਾਂ ਨੂੰ ਨੋਟਿਸ ਭੇਜੇ ਗਏ ਹਨ।
ਸਕੂਲ ਵੈਨ ਚਾਲਕਾਂ ਨੂੰ ਹਦਾਇਤਾਂ
ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਵੇਂ ਹਰ ਸਾਲ ਹੀ ਇਹ ਨੋਟਿਸ ਭੇਜੇ ਜਾਂਦੇ ਹਨ ਅਤੇ ਸਕੂਲ ਵੈਨ ਚਾਲਕਾਂ ਨੂੰ ਬਕਾਇਦਾ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਉਲੰਘਣਾ ਕਰਨ ਵਾਲਿਆਂ ਦਾ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਵੀ ਕੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਾਹਨ ਚਲਾਉਣ ਲਈ ਘੱਟੋ-ਘੱਟ ਪੰਜ ਸਾਲ ਦਾ ਡਰਾਈਵਰ ਕੋਲ ਤਜ਼ੁਰਬਾ ਹੋਣਾ ਚਾਹੀਦਾ ਹੈ।
ਸਕੂਲ ਵਾਹਨ ਚਾਲਕ ਦਾ ਡੋਪ ਟੈਸਟ ਹੋਵੇਗਾ ਜਿਸ ਦਾ ਸਰਟੀਫਿਕੇਟ ਲਾਇਸੈਂਸ ਬਣਾਉਣ ਸਮੇਂ ਵੈਨ ਚਾਲਕ ਲਈ ਲਗਾਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਦੁਆਰਾ ਸਕੂਲਾਂ ਵਿੱਚ ਜਾ ਕੇ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਸਕੂਲ ਵੈਨ ਚਾਲਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਤਾਂ ਜੋ ਸੇਫ ਸਕੂਲ ਵੈਨ ਪਾਲਿਸੀ ਨੂੰ ਲਾਗੂ ਕੀਤਾ ਜਾ ਸਕੇ।
ਸਕੂਲ ਵੈਨ ਨੂੰ ਲੈ ਕੇ ਕਈ ਸ਼ਰਤਾਂ ਪੂਰੀਆਂ ਹੋਣਾ ਲਾਜ਼ਮੀ
ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਸਮੇਂ-ਸਮੇਂ ਸਿਰ ਸਕੂਲ ਵੈਨ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਜੋ ਸੇਫ ਸਕੂਲ ਵੈਨ ਪਾਲਿਸੀ ਨੂੰ ਲਾਗੂ ਕੀਤਾ ਜਾ ਸਕੇ। ਬਕਾਇਦਾ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਵੈਨ ਨੂੰ ਲੈ ਕੇ ਜੋ ਸ਼ਰਤਾਂ ਹਨ, ਜਿਸ ਤਰ੍ਹਾਂ ਵੈਨ ਦੀ ਫਿਟਨੈਸ, ਨਵੇਂ ਟਾਇਰ, ਡਰਾਈਵਰ ਵਲੋਂ ਵਰਦੀ ਪਾਉਣਾ ਲਾਜ਼ਮੀ ਅਤੇ ਵੈਨ ਡਰਾਈਵਰ ਦਾ ਡੋਪ ਟੈਸਟ ਆਦਿ ਚੈੱਕ ਕੀਤਾ ਜਾਂਦਾ ਹੈ।
ਸਕੂਲ ਪ੍ਰਬੰਧਕਾਂ ਤੇ ਮਾਂ-ਪਿਓ ਨੂੰ ਅਪੀਲ
ਇਸ ਦੇ ਨਾਲ ਹੀ, ਸਕੂਲ ਪ੍ਰਬੰਧਕਾਂ ਨੂੰ ਵੀ ਬਕਾਇਦਾ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੀ ਸਕੂਲ ਵੈਨ ਉੱਪਰ ਤਜਰਬੇਕਾਰ ਡਰਾਈਵਰ ਹੀ ਰੱਖਣ। ਨਵੇਂ ਡਰਾਈਵਰ ਨੂੰ ਸਕੂਲ ਵੈਨ ਉੱਪਰ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਸਕੂਲ ਵੈਨ ਨੂੰ ਜ਼ਰੂਰ ਚੈੱਕ ਕਰਨ ਕਿ ਉਹ ਚੱਲਣ ਯੋਗ ਹੈ ਜਾਂ ਉਹ ਨਿਯਮ ਉੱਤੇ ਖਰੀ ਉਤਰਦੀ ਹੈ, ਤਾਂ ਹੀ ਆਪਣੇ ਬੱਚਿਆਂ ਨੂੰ ਵੈਨ ਵਿੱਚ ਸਕੂਲ ਭੇਜਣ।