ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਥਾਪਿਤ ਨਾਂਅ ਬਣ ਚੁੱਕੇ ਪ੍ਰਤਿਭਾਵਾਨ ਗਾਇਕ ਜੀ ਖਾਨ ਹੁਣ ਬਤੌਰ ਅਦਾਕਾਰ ਸਿਲਵਰ ਸਕ੍ਰੀਨ ਉਤੇ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਅਤੇ ਬਿਨੂੰ ਢਿੱਲੋਂ-ਕਨਿਕਾ ਮਾਨ ਸਟਾਰਰ ਅਨ-ਟਾਈਟਲ ਪੰਜਾਬੀ ਫਿਲਮ ਦੁਆਰਾ ਪਾਲੀਵੁੱਡ ਵਿੱਚ ਅਪਣੀ ਸ਼ਾਨਦਾਰ ਅਤੇ ਪਲੇਠੀ ਪਾਰੀ ਦਾ ਅਗਾਜ਼ ਕਰਨਗੇ।
'ਨੈਕਸਟ ਲੈਵਲ ਪ੍ਰੋਡੋਕਸ਼ਨ' ਅਤੇ 'ਜੇ ਸਟੂਡਿਓਜ਼' ਦੁਆਰਾ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨੀਰਜ ਰੁਹਿਲ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀ ਫਿਲਮ 'ਵਧ' ਨੈੱਟਫਲਿਕਸ ਉਪਰ ਕਾਫ਼ੀ ਸਫਲਤਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਅਤੇ 13 ਜੂਨ 2025 ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਉਕਤ ਪੰਜਾਬੀ ਫਿਲਮ ਵਿੱਚ ਬਿਨੂੰ ਢਿੱਲੋਂ ਅਤੇ ਕਨਿਕਾ ਮਾਨ ਲੀਡਿੰਗ ਕਿਰਦਾਰ ਪਲੇਅ ਕਰ ਰਹੇ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੇ ਹਨ ਗਾਇਕ ਜੀ ਖਾਨ, ਜੋ ਇਸ ਅਪਣੀ ਇਸ ਪਹਿਲੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਮੰਨੋਰੰਜਕ ਡ੍ਰਾਮਾ ਕਹਾਣੀ-ਸਾਰ ਅਧਾਰਿਤ ਉਕਤ ਫਿਲਮ ਨੂੰ ਲੈ ਕੇ ਅਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰਦਿਆਂ ਇਸ ਬਿਹਤਰੀਨ ਗਾਇਕ ਨੇ ਕਿਹਾ ਕਿ ਮਾਤਾ ਅਤੇ ਪਿਤਾ ਦੀਆਂ ਦੁਆਵਾਂ ਸਦਕਾ ਇੱਕ ਹੋਰ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ, ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਮੇਰੀ ਗਾਇਕੀ ਨੂੰ ਚਾਹੁੰਣ ਵਾਲਿਆ ਦਾ ਭਰਪੂਰ ਸਮਰਥਨ ਮਿਲਿਆ, ਉਸੇ ਤਰ੍ਹਾਂ ਅਦਾਕਾਰੀ ਨੂੰ ਵੀ ਸਮਰਥਨ ਮਿਲੇਗਾ। ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਥਾਪਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਫਿਲਮਾਂ ਨਾਲ ਜੁੜੇ ਰਹੇ ਹਨ।
ਇਸ ਦੌਰਾਨ ਜੇਕਰ ਗਾਇਕ ਜੀ ਖਾਨ ਬਾਰੇ ਹੋਰ ਗੱਲ ਕਰੀਏ ਤਾਂ ਜੀ ਖਾਨ ਸੋਨਮ ਬਾਜਵਾ ਨੂੰ ਲੈ ਕੇ ਆਏ ਦਿਨ ਸੁਰਖ਼ੀਆਂ ਵਿੱਚ ਰਹਿੰਦਾ ਹੈ, ਦਰਅਸਲ, ਗਾਇਕ ਨੇ ਕਈ ਵਾਰ ਆਪਣੇ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਸੋਨਮ ਬਾਜਵਾ ਨੂੰ ਇੱਕਤਰਫ਼ਾ ਪਿਆਰ ਕਰਦੇ ਹਨ।
ਇਹ ਵੀ ਪੜ੍ਹੋ: