ਚੰਡੀਗੜ੍ਹ: ਸਾਲ 1983 ਵਿੱਚ ਰਿਲੀਜ਼ ਹੋਈ ਮਲਟੀ ਸਟਾਰਰ ਪੰਜਾਬੀ 'ਪੁੱਤ ਜੱਟਾਂ ਦੇ' ਸਫਲਤਾ ਦੇ ਅਪਾਰ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫਲ ਰਹੀ, ਜਿਸ ਦੁਆਰਾ ਹੀ ਮਾਲਵੇ ਦੇ ਇੱਕ ਛੋਟੇ ਜਿਹੇ ਪਿੰਡ ਮਾਹਨੀਖੇੜਾ ਤੋਂ ਸਿਨੇਮਾ ਖਿੱਤੇ ਵਿੱਚ ਨਿਤਰਿਆਂ ਇੱਕ ਪ੍ਰਭਾਵੀ ਵਿਅਕਤੀਤਵ ਰੱਖਦਾ ਉੱਚਾ ਲੰਮਾ ਅਤੇ ਸੋਹਣਾ-ਸੁਨੱਖਾ ਗੱਭਰੂ, ਜੋ ਅੱਗੇ ਜਾ ਕੇ ਗੁੱਗੂ ਗਿੱਲ ਦੇ ਰੂਪ ਵਿੱਚ ਅਜਿਹਾ ਉਭਰਿਆ, ਜਿੰਨਾਂ ਦੀ ਜਾਹੋ ਜਲਾਲ ਭਰੀ ਅਤੇ ਸ਼ਾਨਦਾਰ ਅਦਾਕਾਰੀ ਧਾਂਕ ਦਾ ਅਸਰ ਅੱਜ ਚਾਰ ਦਹਾਕਿਆਂ ਬਾਅਦ ਵੀ ਜਿੳਂ ਦਾ ਤਿਓ ਕਾਇਮ ਹੈ।
ਪੰਜਾਬ ਤੋਂ ਲੈ ਕੇ ਦੁਨੀਆ-ਭਰ ਵਿੱਚ ਅਪਣੀ ਬਿਹਤਰੀਨ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਇਹ ਬਾਕਮਾਲ ਐਕਟਰ ਹੁਣ ਹੋਲੀ ਹੋਲੀ ਹੋਰ ਨਿਵੇਕਲੇ ਅਤੇ ਲੀਕ ਹਟਵੇਂ ਕਿਰਦਾਰਾਂ ਵੱਲ ਅਪਣਾ ਰੁਖ਼ ਕਰਦੇ ਜਾ ਰਹੇ ਹਨ, ਜਿਸ ਸੰਬੰਧੀ ਹੀ ਉਨਾਂ ਵੱਲੋਂ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਯਤਨਾਂ ਨੂੰ ਆਗਾਜ਼ ਦੇਣ ਜਾ ਰਹੀ ਉਨਾਂ ਦੀ ਨਵੀਂ ਅਤੇ ਫਿਲਹਾਲ ਅਣ-ਟਾਈਟਲ ਪੰਜਾਬੀ ਫਿਲਮ, ਜਿਸ ਦੀ ਸ਼ੂਟਿੰਗ ਦੁਆਬਾ ਖਿੱਤੇ ਵਿੱਚ ਇੰਨੀਂ-ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
'ਕ੍ਰਿਏਟਿਵ ਬਰੋਜ ਪ੍ਰੋਡੋਕਸ਼ਨ ਯੂਐਸਏ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਸੰਨੀ ਬਿਨਿੰਗ ਅਤੇ ਅਮਰੀਕਨ ਸਿਨੇਮਾ ਅਤੇ ਕਲਾ ਖੇਤਰ ਵਿੱਚ ਵਿਲੱਖਣ ਪਹਿਚਾਣ ਰੱਖਦੇ ਹੈਰੀ ਬਰਾੜ ਕਰ ਰਹੇ ਹਨ, ਜਦ ਇਸ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਸੋਨੀ ਸਿੰਘ ਸੰਭਾਲ ਰਹੇ ਹਨ।
ਪੰਜਾਬ ਦੇ ਹੁਸ਼ਿਆਰਪੁਰ ਅਤੇ ਫਗਵਾੜਾ ਖਿੱਤੇ ਵਿੱਚ ਫਿਲਮਬੱਧ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਪਰਿਵਾਰਕ-ਡਰਾਮਾ ਫਿਲਮ ਵਿੱਚ ਗੁੱਗੂ ਗਿੱਲ ਤੋਂ ਇਲਾਵਾ ਪੂਨਮ ਢਿੱਲੋਂ, ਸਰਬਜੀਤ ਚੀਮਾ, ਗੁਰਸ਼ਰਨ ਸਿੰਘ, ਰਾਜ ਸੰਧੂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਚਿਹਰੇ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਪਲੇ ਕਰਦੇ ਨਜ਼ਰੀ ਪੈਣਗੇ।
ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਬਹੁਪੱਖੀ ਅਦਾਕਾਰ ਗੁੱਗੂ ਗਿੱਲ, ਜੋ ਪਹਿਲੀ ਵਾਰ ਬਹੁਤ ਹੀ ਵੱਖਰੇ ਗੈਟਅੱਪ ਅਤੇ ਅਜਿਹੇ ਭਾਵਨਾਤਮਕਤਾ ਭਰੇ ਰੋਲ ਵਿੱਚ ਵਿਖਾਈ ਦੇਣਗੇ, ਜਿਸ ਤਰ੍ਹਾਂ ਦੀ ਭੂਮਿਕਾ ਉਨਾਂ ਵੱਲੋਂ ਆਪਣੀ ਹੁਣ ਤੱਕ ਦੀ ਕਿਸੇ ਵੀ ਫਿਲਮ ਚਾਹੇ ਉਹ ਪੰਜਾਬੀ ਰਹੀ ਹੋਵੇ ਜਾਂ ਫਿਰ ਹਿੰਦੀ ਵਿੱਚ ਅਦਾ ਨਹੀਂ ਕੀਤੀ ਗਈ
ਅਤੇ ਇਹੀ ਕਾਰਨ ਹੈ ਕਿ ਉਹ ਆਪਣੇ ਇਸ ਰੋਲ ਅਤੇ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਜਿੰਨਾ ਅਨੁਸਾਰ ਕੋਸ਼ਿਸ਼ ਕਰ ਰਿਹਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਵਖਰੇਵੇਂ ਦਾ ਇਜ਼ਹਾਰ ਕਰਵਾਉਂਦੀਆਂ ਕੁਝ ਅਜਿਹੀਆਂ ਫਿਲਮਾਂ ਅਤੇ ਕਿਰਦਾਰਾਂ ਦਾ ਹਿੱਸਾ ਬਣਿਆ ਜਾਵੇ, ਜਿਸ ਨਾਲ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਆਪਣੀ ਅਦਾਕਾਰੀ ਦੇ ਹੋਰ ਵੱਖਰੇ ਸ਼ੇਡਜ਼ ਵਿਖਾਉਣ ਦਾ ਮੌਕਾ ਮਿਲ ਸਕੇ ਅਤੇ ਉਮੀਦ ਕਰਦਾ ਹਾਂ ਕਿ ਇਸੇ ਸੋਚ ਅਤੇ ਲੜੀ ਅਧੀਨ ਕੀਤੀ ਉਕਤ ਫਿਲਮ ਵਿਚਲੀ ਭੂਮਿਕਾ ਨੂੰ ਚੁਫੇਂਰਿਓ ਭਰਪੂਰ ਪਿਆਰ ਅਤੇ ਸਨੇਹ ਮਿਲੇਗਾ, ਜਿਸ ਨਾਲ ਅੱਗੇ ਇਸ ਦਿਸ਼ਾ ਵਿੱਚ ਹੋਰ ਕੋਸ਼ਿਸ਼ਾਂ ਨੂੰ ਅੰਜ਼ਾਮ ਦੇਣ ਦੀ ਕਵਾਇਦ ਵੀ ਜਾਰੀ ਰਹੇਗੀ।