ਖਨੌਰੀ ਬਾਰਡਰ: ਪਿਛਲੇ ਕਰੀਬ 58 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਸਿਹਤ ਸਹੂਲਤਾਂ ਭਾਵੇਂ ਲੈ ਲਈਆਂ ਗਈਆਂ ਹਨ, ਪਰ ਉਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਵੱਡੇ ਪੱਧਰ ਉੱਤੇ ਦਰਜ ਕੀਤੀ ਜਾ ਰਹੀ ਹੈ। ਮਾਹਿਰ ਡਾਕਟਰਾਂ ਦੀ ਗੱਲ ਕੀਤੀ ਜਾਵੇ ਤਾਂ, ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਲਈ ਇਸ ਵਕਤ ਤਾਜ਼ੀ ਹਵਾ ਅਤੇ ਧੁੱਪ ਦੀ ਬਹੁਤ ਜ਼ਰੂਰਤ ਹੈ।
ਟਰਾਲੀ ਵਿੱਚ ਧੁੱਪ-ਹਵਾ ਆਉਣ ਲਈ ਅਸਥਾਈ ਰੂਮ ਤਿਆਰ
ਡਾਕਟਰਾਂ ਦੇ ਸੁਝਾਅ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਮੋਰਚੇ ਦੀ ਸਟੇਜ ਦੇ ਨਜ਼ਦੀਕ ਇੱਕ ਟਰਾਲੀ ਵਿੱਚ ਸ਼ਿਫਟ ਕੀਤਾ ਜਾਵੇਗਾ। ਇਹ ਟਰਾਲੀ ਆਧੁਨਿਕ ਤਰੀਕੇ ਦੀ ਹੈ। ਇਸ ਵਿੱਚ ਹਵਾ ਦੇ ਆਉਣ ਜਾਣ ਦਾ ਇੰਤਜ਼ਾਮ ਅਤੇ ਧੁੱਪ ਲੱਗਣ ਦਾ ਇੰਤਜ਼ਾਮ ਕੀਤਾ ਗਿਆ ਹੈ, ਕਿਉਂਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਸ਼ਿਫਟ ਕੀਤਾ ਜਾਵੇ, ਪਰ ਕਮਰਾ ਬਣਾਉਣ ਲਈ ਕੁਝ ਦਿਨ ਦਾ ਸਮਾਂ ਲੱਗ ਸਕਦਾ ਹੈ ਅਤੇ ਇਹ ਆਰਜੀ ਕਮਰਾ ਹੋਵੇਗਾ, ਪਰ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਟਰਾਲੀ ਜੋ ਕਿ ਟਰੈਕਟਰ ਦੇ ਨਾਲ ਜੁੜੀ ਹੋਈ ਹੈ, ਉਸ ਨੂੰ ਆਧੁਨਿਕ ਰੂਪ ਨਾਲ ਹਵਾਦਾਰ ਅਤੇ ਧੁੱਪ ਆਉਣ ਦੇ ਬਾਬਤ ਤਿਆਰ ਕਰ ਦਿੱਤਾ ਗਿਆ ਹੈ।

ਅੱਜ ਡੱਲੇਵਾਲ ਨੂੰ ਕੀਤਾ ਜਾਵੇਗਾ ਸ਼ਿਫਟ
ਇਸ ਟਰਾਲੀ ਨੂੰ ਹੁਣ ਖਨੌਰੀ ਸਟੇਜ ਦੇ ਬਿਲਕੁਲ ਨਜ਼ਦੀਕ ਯਾਨੀ ਕਿ ਕਰੀਬ 100 ਮੀਟਰ ਦੀ ਦੂਰੀ ਦੇ ਉੱਤੇ ਹੀ ਖੜਾ ਕਰ ਦਿੱਤਾ ਗਿਆ ਹੈ, ਜਿਸ ਜਗ੍ਹਾ ਉੱਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਿਛਲੇ 58 ਦਿਨਾਂ ਤੋਂ ਲਗਾਤਾਰ ਮਰਨ ਵਰਤ ਜਾਰੀ ਹੈ। ਉਸ ਜਗ੍ਹਾ ਦੇ ਉੱਤੇ ਹੀ ਹੁਣ ਇੱਕ ਆਰਜੀ ਕਮਰੇ ਦੀ ਉਸਾਰੀ ਵੀ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਕਰੀਬ ਦੁਪਹਿਰ ਨੂੰ 12 ਵਜੇ ਜਗਜੀਤ ਸਿੰਘ ਡੱਲੇਵਾਲ ਇਸ ਆਰਜੀ ਟਰਾਲੀ ਵਿੱਚ ਪਹੁੰਚਣਗੇ ਅਤੇ ਜਦੋਂ ਤੱਕ ਕਮਰਾ ਨਹੀਂ ਤਿਆਰ ਹੋ ਜਾਂਦਾ, ਉਦੋਂ ਤੱਕ ਇਸੇ ਜਗ੍ਹਾ ਦੇ ਉੱਤੇ ਅਗਲਾ ਸਮਾਂ ਬਿਤਾਉਣਗੇ।

ਕੇਂਦਰ ਸਰਕਾਰ ਵਲੋਂ ਮੀਟਿੰਗ ਦਾ ਸੱਦਾ
ਦੂਜੇ ਪਾਸੇ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਸਰਹੱਦ ਵਿਖੇ ਮਰਨ ਵਰਤ ਦੇ 55ਵੇਂ ਦਿਨ ਉਨ੍ਹਾਂ ਨੂੰ ਗੁਲੂਕੋਜ਼ ਦਿੱਤਾ ਗਿਆ। ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਖਨੌਰੀ ਪੁੱਜੇ ਸਨ। ਉਨ੍ਹਾਂ ਨੇ ਡੱਲੇਵਾਲ ਨਾਲ ਮਿਲ ਕੇ 14 ਫ਼ਰਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ।

ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਖਨੌਰੀ ਤੇ ਸ਼ੰਭੂ ਬਾਰਡਰ ਉੱਤੇ ਧਰਨਾ ਦਿੱਤਾ ਗਿਆ ਹੈ। ਇਹ ਧਰਨਾ ਪਿਛਲੇ ਸਾਲ 13 ਫ਼ਰਵਰੀ, 2024 ਨੂੰ ਸ਼ੁਰੂ ਹੋਇਆ, ਜੋ ਅਜੇ ਤੱਕ ਜਾਰੀ ਹੈ। ਇਸ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਵਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ, ਜੋ ਅੱਜ 58ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਵੀ ਸੁਣਵਾਈਆਂ ਲਗਾਤਾਰ ਹੋ ਰਹੀਆਂ ਹਨ।