ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀ ਇੱਕ ਹੋਰ ਬਹੁ-ਚਰਚਿਤ ਫਿਲਮ 'ਕੁੜੀ ਹਰਿਆਣੇ ਵੱਲ ਦੀ' ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਐਮੀ ਵਿਰਕ ਅਤੇ ਸੋਨਮ ਬਾਜਵਾ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ।
'ਰਾਮਾਰਾ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਉਕਤ ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਜਿੱਥੇ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਅਤੇ 'ਚੱਲ ਮੇਰਾ ਪੁੱਤ 3' ਸਮੇਤ 'ਝੱਲੇ', 'ਕਾਲਾ ਸ਼ਾਹ ਕਾਲਾ', 'ਮੈਰਿਜ ਪੈਲੇਸ', 'ਬੈਂਡ ਵਾਜੇ', 'ਵਧਾਈਆਂ ਜੀ ਵਧਾਈਆਂ', 'ਓਏ ਮੱਖਣਾ' ਆਦਿ ਜਿਹੀਆਂ ਕਈ ਬਿਹਤਰੀਨ ਅਤੇ ਚਰਚਿਤ ਫਿਲਮਾਂ ਦਾ ਲੇਖਨ ਕਰ ਚੁੱਕੇ ਹਨ, ਉੱਥੇ 'ਆਜਾ ਮੈਕਸੀਕੋ ਚੱਲੀਏ' ਦੀ ਨਿਰਦੇਸ਼ਨ ਕਮਾਂਡ ਵੀ ਸੰਭਾਲ ਚੁੱਕੇ ਹਨ, ਜਿੰਨ੍ਹਾਂ ਦੀ ਨਿਰਦੇਸ਼ਕ ਦੇ ਤੌਰ 'ਤੇ ਇਹ ਦੂਜੀ ਫਿਲਮ ਹੋਵੇਗੀ।
ਹਰਿਆਣੇ ਦੀਆਂ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਕੀਤੀ ਗਈ ਉਕਤ ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਵੱਲੋਂ ਕੀਤਾ ਗਿਆ ਹੈ। ਜਦਕਿ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨਵੇਂ ਚਿਹਰੇ ਅਜੇ ਹੁੱਡਾ ਤੋਂ ਇਲਾਵਾ ਯਸ਼ਪਾਲ ਸ਼ਰਮਾ, ਯੋਗਰਾਜ ਸਿੰਘ, ਹਰਦੀਪ ਗਿੱਲ, ਮਹਾਂਵੀਰ ਭੁੱਲਰ, ਸੀਮਾ ਕੌਸ਼ਲ, ਹਨੀ ਮੱਟੂ, ਦੀਦਾਰ ਗਿੱਲ, ਮਨਪ੍ਰੀਤ ਡੋਲੀ, ਮਿੰਟੂ ਕਾਪਾ ਆਦਿ ਜਿਹੇ ਨਾਮੀ ਗਿਰਾਮੀ ਐਕਟਰਜ਼ ਵੱਲੋਂ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ।
'ਵਾਈਟ ਹਿੱਲ ਸਟੂਡਿਓਜ਼' ਵੱਲੋਂ 14 ਜੂਨ ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਮਲਟੀ ਸਟਾਰਰ ਅਤੇ ਬਿੱਗ ਸੈਟਅੱਪ ਫਿਲਮ ਦਾ ਮਿਊਜ਼ਿਕ ਗੁਲਸ਼ਨ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਸਿਨੇਮਾਟੋਗ੍ਰਾਫ਼ਰ ਅੰਸ਼ੁਲ ਚੋਬੇ, ਸੰਪਾਦਕ ਗੌਰਵ ਰਾਏ, ਗੀਤਕਾਰ ਅਤੇ ਕੰਪੋਜ਼ਰ ਹੈਪੀ ਰਾਏਕੋਟੀ, ਅਜੇ ਹੁੱਡਾ, ਪ੍ਰੋਡਕਸ਼ਨ ਡਿਜਾਇਨਰ ਸ਼ੀਨਾ ਸੈਨੀ, ਐਕਸ਼ਨ ਡਾਇਰੈਕਟਰ ਨਟਰਾਜ ਮਨੀਗੋਂਡਾ, ਕਾਰਜਕਰੀ ਨਿਰਮਾਤਾ ਰੁਪੇਸ਼ ਮਾਲੀ, ਕੋਰਿਓਗ੍ਰਾਫਰ ਅਰਵਿੰਦ ਠਾਕੁਰ, ਤੁਸ਼ਾਰ ਕਾਲੀਆ ਅਤੇ ਕਰੂਤੀ ਮਹੇਸ਼ ਹਨ।
ਪਾਲੀਵੁੱਡ ਦੀ ਹਿੱਟ-ਹੌਟ ਅਤੇ ਸਫਲ ਜੋੜੀ ਮੰਨੇ ਜਾਂਦੇ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਕੱਠਿਆਂ ਇਹ ਲਗਾਤਾਰ ਸੱਤਵੀਂ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਨਿੱਕਾ ਜ਼ੈਲਦਾਰ, 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3', 'ਸ਼ੇਰ ਬੱਗਾ', 'ਪੁਆੜਾ', 'ਮੁਕਲਾਵਾ' ਆਦਿ 'ਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾ ਚੁੱਕੇ ਹਨ।