ਖੇਤੀ ਕਾਨੂੰਨਾਂ 'ਚ ਸੋਧ ਦੀ ਮੰਗ ਹੁਣ ਦੀ ਨਹੀਂ ਸਗੋਂ ਬੇਹਦ ਪੁਰਾਣੀ: ਸ਼ਵੇਤ ਮਲਿਕ
🎬 Watch Now: Feature Video
ਮੋਗਾ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਭਾਜਪਾ ਸਾਂਸਦ ਸ਼ਵੇਤ ਮਲਿਕ ਨੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਵਿਸ਼ੇਸ਼ ਬੈਠਕ ਕੀਤੀ। ਬੰਦ ਕਮਰੇ 'ਚ ਬੈਠਕ ਤੋਂ ਬਾਅਦ ਭਾਜਪਾ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਬੀਜੇਪੀ ਨੇਤਾ ਸ਼ਵੇਤ ਮਲਿਕ ਨੇ ਕਿਹਾ," ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ 4 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾਂ ਤੇ ਕੇਂਦਰ ਸਰਕਾਰ ਦੀ ਬੈਠਕ ਵਿੱਚ ਕਿਸਾਨੀ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿੱਚ ਸੋਧ ਅੱਜ ਦੀ ਨਹੀਂ ਬਲਕਿ ਬਹੁਤ ਪੁਰਾਣੀ ਮੰਗ ਹੈ। ਕਾਂਗਰਸ ਸਰਕਾਰ ਦੌਰਾਨ ਵੀ ਇਸ ਮੁੱਦੇ ਨੂੰ ਕਈ ਵਾਰ ਚੁੱਕਿਆ ਗਿਆ, ਪਰ ਚਾਹ ਕੇ ਵੀ ਕਾਂਗਰਸੀ ਨੇਤਾ ਖੇਤੀ ਕਾਨੂੰਨਾਂ ਵਿੱਚ ਸੋਧ ਨਹੀਂ ਕਰ ਸਕੇ। ਮਲਿਕ ਨੇ ਕਿਹਾ ਕਿ ਜੋ ਕਾਂਗਰਸੀ ਨੇਤਾ ਨਹੀਂ ਕਰ ਸਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰ ਵਿਖਾਇਆ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ 'ਚ ਦੱਸਿਆ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਪਿੱਛੇ ਕਾਂਗਰਸ ਦੀ ਸਾਜਿਸ਼ ਹੈ, ਭਾਜਪਾ ਹੁਣ ਉਸ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਪੰਜਾਬ 'ਚ ਭਵਿੱਖ ਦੌਰਾਨ ਭਾਜਪਾ ਸਰਕਾਰ ਆਉਣ ਦੇ ਸੰਕੇਤ ਦਿੱਤੇ।