ਤਰਨ ਤਾਰਨ: ਸਰਹੱਦੀ ਪਿੰਡ ਨਾਰਲੀ ਵਿਖੇ ਪਤੀ-ਪਤਨੀ ਦੇ ਝਗੜੇ ਵਿੱਚ ਕੁੜੀ ਤੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਉਪਰ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ ਬੱਚਾ ਚੁੱਕਣ ਅਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲਾਏ ਹਨ। ਜਦਕਿ ਸਹੁਰੇ ਪਰਿਵਾਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
ਪੀੜਤ ਲੜਕੀ ਸੋਨੀਆ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਤਲਾਕ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਸਹੁਰੇ ਪਰਿਵਾਰ ਵਾਲਿਆਂ ਨੇ ਸ਼ੁੱਕਰਵਾਰ ਨੂੰ ਪੇਕੇ ਪਰਿਵਾਰ ਦੇ ਘਰ ਵਿੱਚ ਦਾਖ਼ਲ ਹੋ ਕੇ ਸਮਾਨ ਦੀ ਭੰਨਤੋੜ ਕੀਤੀ ਅਤੇ ਬੱਚਾ ਖੋਹ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ।
ਪੀੜਤ ਲੜਕੀ ਦੇ ਭਰਾ ਗਗਨਦੀਪ ਕੁਮਾਰ ਨੇ ਦੱਸਿਆ ਉਸ ਦੀ ਭੈਣ ਕਸਬਾ ਭਿੱਖੀਵਿੰਡ ਦੇ ਵਸਨੀਕ ਗਗਨਦੀਪ ਸ਼ਰਮਾ ਨਾਲ ਵਿਆਹੀ ਹੋਈ ਹੈ ਅਤੇ ਉਸ ਦਾ ਜੀਜਾ ਨਸ਼ਾ ਵੇਚਣ ਦਾ ਆਦੀ ਹੈ, ਜਿਸ ਕਰਕੇ ਉਸ ਦੀ ਭੈਣ ਨੇ ਤਲਾਕ ਦਾ ਕੇਸ ਲਗਾਇਆ ਸੀ। ਉਸ ਨੇ ਦੱਸਿਆ ਕਿ ਗਗਨਦੀਪ ਸ਼ਰਮਾ ਕੇਸ ਵਿੱਚ ਹਾਜ਼ਰ ਨਹੀਂ ਸੀ ਹੁੰਦਾ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਆ ਕੇ ਉਸ ਦੇ ਭਾਣਜੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਕਾਤਲਾਨਾ ਹਮਲਿਆਂ ਕਰਦਿਆਂ ਗਗਨਦੀਪ ਸ਼ਰਮਾ ਨੇ ਉਨ੍ਹਾਂ ਉਪਰ ਗੋਲੀਆਂ ਚਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਪੁਲਿਸ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਦੂਜੀ ਧਿਰ ਦੇ ਦਿਨੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਸਿਰਫ ਆਪਣੇ ਬੱਚੇ ਨੂੰ ਮਿਲਣ ਗਏ ਸੀ ਅਤੇ ਘਰ ਵਿੱਚ ਕਿਸੇ ਕਿਸਮ ਦਾ ਨੁਕਸਾਨ ਨਹੀਂ ਕੀਤਾ ਹੈ, ਇਹ ਸਭ ਕੁੱਝ ਝੂਠ ਅਤੇ ਬੇਬੁਨਿਆਦ ਹੈ।
ਇਸ ਸਬੰਧੀ ਥਾਣਾ ਖਾਲੜਾ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਦੇ ਬਿਆਨ ਲਿਖਾਉਣ ਤੋਂ ਬਾਅਦ ਹੀ ਉਹ ਬਣਦੀ ਕਾਰਵਾਈ ਕੀਤੀ ਜਾਵੇਗੀ।