ਜਗਜੀਤ ਸਿੰਘ ਡੱਲੇਵਾਲ
2024 'ਚ ਜਿਹੜਾ ਚਿਹਰਾ ਸਭ ਤੋਂ ਵੱਧ ਸੁਰਖੀਆਂ 'ਚ ਰਿਹਾ ਉਹ ਕਿਸਾਨ ਜੱਥੇਬੰਦੀ ਬੀਕੇਯੂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹਨ। ਜਦੋਂ ਅਜਮੇਰ ਸਿੰਘ ਲੱਖੋਵਾਲ ਅਤੇ ਸੰਧੂਰਾ ਸਿੰਘ ਸਿੱਧੂਪੁਰ ਵੱਖ ਹੋ ਗਏ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਗਠਨ ਹੋਇਆ। ਸਿੱਧੂਪੁਰ ਜਥੇਬੰਦੀ ਵਿੱਚ ਪਹਿਲੀ ਵਾਰ ਜਗਜੀਤ ਸਿੰਘ ਡੱਲੇਵਾਲ ਬਲਾਕ ਸਾਦਿਕ ਦੇ ਪ੍ਰਧਾਨ ਬਣੇ ਅਤੇ ਉਸ ਤੋਂ ਬਾਅਦ ਉਹ ਲਗਾਤਾਰ 5 ਵਾਰ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਰਹੇ। ਆਪਣੇ ਅੰਤਲੇ ਦਿਨ੍ਹਾਂ ਵਿੱਚ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਸੰਧੂਰਾ ਸਿੰਘ ਨੇ ਆਪਣੀ ਵਿਗੜਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਜਗਜੀਤ ਸਿੰਘ ਡੱਲੇਵਾਲ ਨੂੰ ਜਥੇਬੰਦੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਜੋ ਬਾਅਦ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਪੱਕੇ ਤੌਰ 'ਤੇ ਪ੍ਰਧਾਨ ਬਣੇ ਅਤੇ ਅੱਜ ਤੱਕ ਹਨ। ਕਾਬਲੇਜ਼ਿਕਰ ਹੈ ਕਿ ਕਿਸਾਨੀ ਅੰਦੋਲਨ ਨੂੰ ਸਿਰੇ ਚੜਾਉਣ ਅਤੇ ਐਮਐਸਪੀ ਕਾਨੂੰਨੀ ਦੀ ਗਰੰਟੀ ਲਈ ਹੁਣ ਤਕਰੀਬ ਇੱਕ ਮਹੀਨੇ ਤੋਂ ਜਿਆਦਾ ਸਮਾਂ ਉਹ ਮਰਨ ਵਰਤ 'ਤੇ ਬੈਠੇ ਹਨ। ਜਿਸ ਕਾਰਨ ਹੁਣ ਬੱਚੇ-ਬੱਚੇ ਦੀ ਜ਼ੁਬਾਨ 'ਤੇ ਜਗਜੀਤ ਸਿੰਘ ਡੱਲੇਵਾਲ ਦਾ ਨਾਮ ਹੈ।
ਸੁਖਬੀਰ ਸਿੰਘ ਬਾਦਲ
ਸੰਸਾਰ ਦੇ ਸਭ ਤੋਂ ਦੌਲਤਮੰਦ ਸਿੱਖਾਂ ਵਿੱਚੋਂ ਇੱਕ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਇਕਲੌਤੇ ਪੁੱਤਰ ਹਨ। ਪੰਜਾਬ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿਵਾਉਣ ਅਤੇ ਗੁਰਦੁਆਰਿਆਂ ਦੀ ਗੋਲਕ ਦੇ ਪੈਸਿਆਂ ਨੂੰ ਇਸ਼ਤਿਹਾਰਬਾਜ਼ੀ ਲਈ ਖਰਚ ਕਰਨ ਵਰਗੇ ਗੁਨਾਹਾਂ ਨੂੰ ਕਬੂਲ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਤਨਖਾਹ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਸੇਵਾ ਨਿਭਾਈ। ਸੁਖਬੀਰ ਸਿੰਘ ਬਾਦਲ ਨੂੰ ਸਿਆਸਤ 'ਚ 28 ਸਾਲ ਹੋ ਗਏ ਹਨ। ਉਨ੍ਹਾਂ ਨੇ ਸਿਆਸਤ 'ਚ 1996 'ਚ ਕਦਮ ਰੱਖੇ ਅਤੇ 2024 'ਚ ਨਵੰਬਰ ਮਹੀਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਵਿਰੋਧ ਮਗਰੋਂ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ।
ਨਰਾਇਣ ਸਿੰਘ ਚੌੜਾ
ਨਰਾਇਣ ਸਿੰਘ ਚੌੜਾ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਚੌੜਾ ਉਹ ਵਿਅਕਤੀ ਹੈ ਜਿਸ ਨੇ ਸੁਖਬੀਰ ਬਾਦਲ 'ਤੇ ਗੋਲੀ ਚਲਾ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। 2024 'ਚ ਜਾਂਦੇ-ਜਾਂਦੇ ਹਰ ਇੱਕ ਦੀ ਜ਼ੁਬਾਨ 'ਤੇ ਨਰਾਇਣ ਸਿੰਘ ਚੌੜਾ ਦਾ ਨਾਮ ਹੈ। ਚੌੜਾ ਨੇ ਸਿਰਫ਼ ਸੁਖਬੀਰ ਬਾਦਲ 'ਤੇ ਗੋਲੀ ਹੀ ਨਹੀਂ ਚਲਾਈ ਬਲਕਿ ਉਹ ਬੁੜੈਲ ਜੇਲ੍ਹ ਕਾਂਡ ਦਾ ਮੁਲਜ਼ਮ ਵੀ ਹੈ।ਇਸ ਤੋਂ ਇਲਾਵਾ ਉਸ 'ਤੇ ਕਈ ਹੋਰ ਮਾਮਲੇ ਵੀ ਦਰਜ ਹਨ।
ਬਲਵਿੰਦਰ ਸਿੰਘ ਭੂੰਦੜ
2024 'ਚ ਬਲਵਿੰਦਰ ਸਿੰਘ ਵੀ ਸੁਰਖੀਆਂ ਰਹੇ। ਇਸ ਦਾ ਕਾਰਨ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਨਾ ਹੈ।ਸੁਖਬੀਰ ਬਾਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ। ਜੇਕਰ ਬਲਵਿੰਦਰ ਸਿੰਘ ਭੂੰਦੜ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1964 'ਚ ਪਿੰਡ ਦੀ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ ਹੁਣ ਪੰਜਾਬੀ ਦੀ ਸਭ ਤੋਂ ਪੁਰਾਣੀ ਅਤੇ ਪੰਥਕ ਪਾਰਟੀ ਆਖੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਹਰਜਿੰਦਰ ਸਿੰਘ ਧਾਮੀ
ਬੇਹੱਦ ਸਾਦਾ ਜੀਵਨ ਜਿਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਦੇ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ,ਐਡਵੋਕੇਟ ਹਰਜਿੰਦਰ ਸਿੰਘ ਧਾਮੀ 28 ਅਗਸਤ 1956 'ਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਿੱਪਲਾਂ ਵਾਲਾ 'ਚ ਹੋਇਆ। ਉਹ ਬੀਏ, ਐਲਐਲਬੀ ਪਾਸ ਕਰਨ ਤੋਂ ਬਾਅਦ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਰਹੇ।ਉਹ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਨੇ ਅਤੇ 1996 ਵਿੱਚ ਸ਼ਾਮਚੁਰਾਸੀ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਆ ਰਹੇ ਹਨ। 2024 'ਚ ਪੰਜਾਬ ਦੀ ਪੰਥਕ ਪਾਰਟੀ ਦੇ ਮੈਂਬਰ ਅਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਪ੍ਰਧਾਨ ਚੁਣਿਆ ਗਿਆ।
ਕੁਲਵਿੰਦਰ ਕੌਰ
ਕੰਗਨਾ ਥੱਪੜ ਕਾਂਡ ਤਾਂ ਸਭ ਨੂੰ ਯਾਦ ਹੋਵੇਗਾ। ਉਸੇ ਥੱਪੜ ਕਾਰਨ ਕੁਲਵਿੰਦਰ ਕੌਰ ਛਾਅ ਗਈ। ਇਸ ਘਟਨਾ ਨੂੰ ਕੰਗਨਾ ਰਣੌਤ ਪ੍ਰਤੀ ਗੁੱਸਾ ਆਖਿਆ ਗਿਆ।ਜੇਕਰ ਕੁਲਵਿੰਦਰ ਕੌਰ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਸੰਬੰਧਿਤ ਹੈ ਅਤੇ ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਬੰਧਕ ਸੈਕਟਰੀ ਹੈ। ਉਸ ਦਾ ਪਤੀ ਵੀ ਕੇਂਦਰੀ ਸੁਰੱਖਿਆ ਦਸਤਿਆਂ 'ਚ ਤੈਨਾਤ ਹੈ। ਕੁਲਵਿੰਦਰ ਕੌਰ ਦੇ 2 ਬੱਚੇ ਹਨ, ਲਗਭਗ 10 ਸਾਲ ਪਹਿਲਾਂ ਇਸ ਦਾ ਵਿਆਹ ਹੋਇਆ ਸੀ। ਉਸ ਦੇ ਪਤੀ ਦੀ ਪੋਸਟਿੰਗ ਸਰਹੱਦ ਉੱਤੇ ਦੱਸੀ ਜਾ ਰਹੀ ਹੈ। ਪਿਛਲੇ 2 ਸਾਲ ਤੋਂ ਕੁਲਵਿੰਦਰ ਕੌਰ ਚੰਡੀਗੜ੍ਹ ਏਅਰਪੋਰਟ ਉੱਤੇ ਤੈਨਾਤ ਸੀ ਅਤੇ ਕੱਲ੍ਹ ਦੇ ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੀਆਈਐਸਐਫ ਵੱਲੋਂ ਮੁੱਅਤਲ ਕਰ ਦਿੱਤਾ ਗਿਆ ਸੀ।
ਦਿਲਜੀਤ ਦੋਸਾਂਝ
ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਵਿੱਚ ਬੁਲੰਦੀਆਂ ਛੂਹ ਰਹੇ ਦਿਲਜੀਤ ਦੁਸਾਂਝ ਅੱਜ ਇੰਟਰਨੈਸ਼ਨਲ ਪੱਧਰ ਉੱਪਰ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ। ਪੰਜਾਬ ਤੋਂ ਸੱਤ ਸੁਮੰਦਰ ਪਾਰ ਤੱਕ ਅਪਣੀ ਨਾਯਾਬ ਗਾਇਕੀ ਕਲਾ ਦੀਆਂ ਧੂੰਮਾਂ ਪਾ ਰਹੇ ਇਸ ਦੇਸੀ ਰੌਕ ਸਟਾਰ ਲਈ ਇੱਥੋਂ ਤੱਕ ਦਾ ਪੈਂਡਾ ਆਸਾਨ ਨਹੀਂ ਰਿਹਾ ।ਪੰਜਾਬੀਅਤ ਦਾ ਮਾਣ ਦੁਨੀਆ ਭਰ ਵਿੱਚ ਵਧਾਉਣ ਵਾਲੇ ਦਿਲਜੀਤ ਦੁਸਾਂਝ ਨੇ ਗਾਇਕੀ ਖੇਤਰ ਵਿੱਚ ਦਸਤਕ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਓੜਾ ਐੜਾ' (2003) ਨਾਲ ਮਹਿਜ਼ 18 ਸਾਲ ਦੀ ਉਮਰ ਵਿੱਚ ਕੀਤੀ। ਇਸ ਤੋਂ ਬਾਅਦ ਦਿਲਜੀਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 2024 ਦਿਲਜੀਤ ਲਈ ਬਹੁਤ ਚੰਗਾ ਰਿਹਾ। ਇਸੇ ਸਾਲ ਉਸ ਨੇ ਚਮਕੀਲਾ, ਜੱਟ ਐਂਡ ਜੂਲੀਅਟ-3 ਹਿੱਟ ਫਿਲਮਾਂ ਦਿੱਤੀਆਂ । ਇਸ ਦੇ ਨਾਲ ਹੀ 'ਦਿਲ-ਲੂਮਿਨਾਟੀ' ਟੂਰ ਨਾਲ ਹੱਦਾਂ-ਸਰਹੱਦਾਂ ਪਾਰ ਵੱਸਦੇ ਲੋਕਾਂ 'ਚ ਆਪਣੀ ਇੱਕ ਵੱਖਰੀ ਪਛਾਣ ਬਣਾਈ।ਇਸੇ ਦੇ ਨਾਲ ਹੀ ਐਮੀ ਵਿਰਕ ਨੇ ਵੀ ਬਾਲੀਵੁੱਡ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਅਤੇ ਸਫ਼ਲਤਾ ਨੇ ਉਸ ਦੇ ਕਦਮ ਚੁੰਮੇ।
ਹਰਮਨਪ੍ਰੀਤ ਸਿੰਘ
ਹੁਣ ਗੱਲ ਸਰਪੰਚ ਦੀ ਕਰਦੇ ਹਾਂ। ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੇ ਦਾ ਤਗਮਾ ਆਪਣੇ ਨਾਮ ਕਰਕੇ ਲਗਾਤਾਰ ਦੂਜੀ ਵਾਰ ਓਲੰਪਿਕ ਵਿੱਚ ਕੋਈ ਮੈਡਲ ਜਿੱਤਿਆ ਹੈ। ਭਾਰਤੀ ਟੀਮ ਨੇ ਜੇਕਰ ਕਈ ਦਹਾਕਿਆਂ ਮਗਰੋਂ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਹੈ ਤਾਂ ਇਸ ਵਿੱਚ ਟੀਮ ਇੰਡੀਆ ਦੇ ਕਪਤਾਨ ਅਤੇ ਸਰਪੰਚ ਹਰਮਨਪ੍ਰੀਤ ਸਿੰਘ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ। ਜਿਸ ਨੇ ਓਲੰਪਿਕ ਵਿੱਚ ਸਭ ਤੋਂ ਵੱਧ 10 ਗੋਲ ਦਾਗੇ ਹਨ। ਹਾਕੀ ਪ੍ਰਤੀ ਬਚਪਨ ਤੋਂ ਹੀ ਹਰਮਨਪ੍ਰੀਤ ਅੰਦਰ ਖਿੱਚ ਸੀ ਜਿਸ ਦੇ ਚਲਦੇ ਉਹ ਬਚਪਨ ਵਿੱਚ ਖੇਡਣ ਤੋਂ ਬਾਅਦ ਸਭ ਤੋਂ ਪਹਿਲਾਂ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਤੋਂ ਹਾਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ।ਹਰਮਨਪ੍ਰੀਤ ਸਿੰਘ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਡਰੈਗ ਫਲਿੱਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਵਿੱਚ ਭਾਰਤ ਦੀ ਸਫਲਤਾ ਵਿੱਚ ਉਸ ਦਾ ਅਹਿਮ ਯੋਗਦਾਨ ਰਿਹਾ ਹੈ। ਜੇਕਰ ਹਰਮਨਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਓਲੰਪਿਕ ਖੇਡਾਂ, ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ 'ਚ ਆਪਣਾ ਕਮਾਲ ਦਿਖਾਇਆ ਅਤੇ ਕਈ ਅਵਾਰਡ ਆਪਣੇ ਨਾਲ ਕਰਨ 2024 ਨੂੰ ਆਪਣੇ ਅਤੇ ਭਾਰਤੀ ਹਾਕੀ ਟੀਮ ਲਈ ਯਾਦਗਾਰ ਬਣਾਇਆ।
ਹਰਮਨਪ੍ਰੀਤ ਕੌਰ
ਜੇਕਰ 2024 ਦੇ ਖਾਸ ਚਿਹਰਿਆਂ ਦੀ ਗੱਲ ਹੈ ਤਾਂ ਭਾਰਤੀ ਕ੍ਰਿਕਟ ਟੀਮ ਦੀ ਹਰਮਨਪ੍ਰੀਤ ਕੌਰ ਨੂੰ ਕਿਵੇਂ ਭੁੱਲ ਸਕਦੇ ਹਾਂ।ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਆਦਰਸ਼ ਭਾਰਤੀ ਟੀਮ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਹਨ। ਉਹ ਉਸ ਵਾਂਗ ਤੂਫਾਨੀ ਬੱਲੇਬਾਜ਼ੀ ਕਰਨਾ ਪਸੰਦ ਕਰਦੀ ਹੈ। ਹਰਮਨਪ੍ਰੀਤ ਨੇ ਭਾਰਤ ਲਈ 7 ਮਾਰਚ 2009 ਨੂੰ ਪਾਕਿਸਤਾਨ ਦੇ ਖਿਲਾਫ ਆਪਣਾ ਵਨਡੇ ਡੈਬਿਊ ਕੀਤਾ ਅਤੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਰਮਨ 2016 ਵਿੱਚ ਬਿਗ ਬੈਸ਼ ਲੀਗ ਵਿੱਚ ਚਲੇ ਗਏ ਅਤੇ ਸਿਡਨੀ ਥੰਡਰਸ ਲਈ ਸਾਈਨ ਕੀਤਾ। ਇਸ ਤੋਂ ਇਲਾਵਾ, ਉਹ ਸਾਲ 2023 ਵਿੱਚ ਮਹਿਲਾ ਪ੍ਰੀਮੀਅਰ ਲੀਗ ਲਈ ਮੁੰਬਈ ਇੰਡੀਅਨਜ਼ ਟੀਮ ਵਿੱਚ ਸ਼ਾਮਲ ਹੋਈ ਅਤੇ ਆਪਣੀ ਕਪਤਾਨੀ ਵਿੱਚ ਟੀਮ ਨੂੰ ਡਬਲਯੂਪੀਐਲ ਦੀ ਚੈਂਪੀਅਨ ਬਣਾਇਆ।
- ਸੁਖਬੀਰ ਬਾਦਲ 'ਤੇ ਗੋਲੀ ਚੱਲਣ ਤੋਂ ਲੈ ਕੇ ਕੰਗਨਾ ਰਣੌਤ ਦੇ ਥੱਪੜ ਪੈਣ ਤੱਕ ਦੀਆਂ ਵੱਡੀਆਂ ਘਟਨਾਵਾਂ, ਜਾਣੋ ਕਿਹੜੀ ਘਟਨਾ ਬਣੀ ਚਰਚਾ ਦਾ ਵਿਸ਼ਾ
- ਪੰਜਾਬ ਪੁਲਿਸ ਦੀ 2024 'ਚ ਗੈਂਗਸਟਰਾਂ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ, ਕਿਹੜੇ ਵੱਡੇ ਗੈੈਂਗਸਟਰਾਂ ਦਾ ਕੀਤਾ ਐਨਕਾਊਂਟਰ, ਵੇਖੋ ਇਹ ਰਿਪੋਰਟ
- ਪੰਜਾਬ 'ਚ ਚੋਣਾਂ ਪੱਖੋਂ ਕਿਵੇਂ ਰਿਹਾ ਸਾਲ 2024, ਕਿਸ ਦੇ ਸਿਰ ਸੱਜਿਆ ਤਾਜ਼ ਤਾਂ ਕਿਸ ਦੇ ਭਾਂਡੇ ਹੋਏ ਖਾਲੀ, ਦੇਖੋ ਖਾਸ ਰਿਪੋਰਟ