ਤੇਲੰਗਾਨਾ /ਚੇਗੁੰਟਾ: ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਨਰਸਿੰਘੀ ਵਿੱਚ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਚੋਰ ਸ਼ਰਾਬ ਦੇ ਲਾਲਚ ਵਿੱਚ ਇੰਨਾ ਮੋਹਿਤ ਹੋ ਗਿਆ ਕਿ ਉਹ ਸਿੱਧਾ ਜੇਲ੍ਹ ਚਲਾ ਗਿਆ।
ਬੀਤੀ ਦੇਰ ਰਾਤ ਇੱਕ ਚੋਰ ਚੋਰੀ ਦੀ ਨੀਅਤ ਨਾਲ ਸ਼ਟਰ ਤੋੜ ਕੇ ਸ਼ਰਾਬ ਦੀ ਦੁਕਾਨ ਵਿੱਚ ਦਾਖਲ ਹੋਇਆ। ਉਸ ਨੇ ਸ਼ਰਾਬ ਦੀ ਦੁਕਾਨ ਤੋਂ ਕਾਫੀ ਪੈਸੇ ਚੋਰੀ ਕਰ ਲਏ। ਫਿਰ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਸੀਸੀਟੀਵੀ ਦੀ ਹਾਰਡ ਡਿਸਕ ਚੋਰੀ ਕਰ ਲਈ। ਫਿਰ ਜਦੋਂ ਉਸ ਨੇ ਸ਼ਰਾਬ ਦੀਆਂ ਇੰਨੀਆਂ ਬੋਤਲਾਂ ਇਕੱਠੀਆਂ ਦੇਖੀਆਂ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਉਹ ਉੱਥੇ ਬੈਠ ਕੇ ਸ਼ਰਾਬ ਦੇ ਘੁੱਟ ਭਰਨ ਲੱਗਾ। ਜਦੋਂ ਚੋਰ ਪੂਰੀ ਤਰ੍ਹਾਂ ਸ਼ਰਾਬੀ ਹੋ ਗਿਆ ਤਾਂ ਉਹ ਉੱਥੇ ਹੀ ਸੌਂ ਗਿਆ।
ਚੋਰ ਇੰਨਾਂ ਸ਼ਰਾਬੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦਾ ਪਰਦਾਫਾਸ਼ ਹੋਇਆ ਅਤੇ ਕਦੋਂ ਉਸ ਨੂੰ ਪੁਲਿਸ ਨੇ ਫੜ ਲਿਆ। ਦਰਅਸਲ ਸੋਮਵਾਰ ਸਵੇਰੇ ਜਦੋਂ ਦੁਕਾਨ ਮਾਲਕ ਨੇ ਚੋਰ ਨੂੰ ਬੇਹੋਸ਼ ਪਿਆ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸ ਨੂੰ ਪਹਿਲਾਂ ਹਸਪਤਾਲ ਪਹੁੰਚਾਇਆ, ਫਿਰ ਉਸ ਖਿਲਾਫ ਮਾਮਲਾ ਦਰਜ ਕਰ ਲਿਆ।
ਚੋਰ ਰਾਤ ਤੱਕ ਬੇਹੋਸ਼ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਐਸ.ਆਈ ਅਹਿਮਦ ਮੋਇਨੂਦੀਨ ਨੇ ਦੱਸਿਆ ਕਿ ਚੋਰ ਬੇਹੋਸ਼ੀ ਦੀ ਹਾਲਤ ਵਿੱਚ ਹੋਣ ਕਾਰਨ ਇਹ ਪਤਾ ਲਗਾਉਣਾ ਮੁਸ਼ਕਿਲ ਹੋ ਗਿਆ ਹੈ ਕਿ ਉਹ ਕੌਣ ਹੈ। ਚੋਰੀ ਦੀ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।