ਤਰਨਤਾਰਨ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਜਿਥੇ ਕਿਸਾਨ ਕੜਾਕੇ ਦੀ ਠੰਢ ਵਿੱਚ ਬੈਠੇ ਸੰਘਰਸ਼ ਕਰ ਰਹੇ ਹਨ, ਉਥੇ ਪੰਜਾਬ ਵਿੱਚ ਵੀ ਕਿਸਾਨ ਠੰਢ ਵਿੱਚ ਧਰਨੇ ਲਾ ਕੇ ਸੰਘਰਸ਼ ਦਾ ਸਾਥ ਦੇ ਰਹੇ ਹਨ। ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਟੋਲ ਪਲਾਜ਼ਾ 'ਤੇ ਵੀ ਕਿਸਾਨਾਂ ਵੱਲੋਂ ਲਾਇਆ ਧਰਨਾ ਕੜਾਕੇ ਦੀ ਠੰਢ ਵਿੱਚ ਵੀ ਜਾਰੀ ਹੈ।
ਕੇਂਦਰ ਸਰਕਾਰ ਦੇ ਕਾਨੂੰਨ ਠੰਢ ਨਹੀਂ ਲੱਗਣ ਦਿੰਦੇ
ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਠੰਢ ਨਹੀਂ ਲੱਗ ਰਹੀ। ਰੋਜ਼ਾਨਾ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਭਾਜਪਾ ਆਗੂਆਂ ਦੀਆਂ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਜਿਹੜੀਆਂ ਬਿਆਨਬਾਜ਼ੀਆਂ ਆ ਰਹੀਆਂ ਹਨ, ਉਹ ਉਨ੍ਹਾਂ ਨੂੰ ਠੰਢ ਨਹੀਂ ਲੱਗਣ ਦੇ ਰਹੀਆਂ। ਇਸਦੇ ਨਾਲ ਹੀ ਇਹ ਖੇਤੀ ਕਾਨੂੰਨ ਉਨ੍ਹਾਂ ਨੂੰ ਠੰਢ ਕਾਰਨ ਧਰਨੇ ਤੋਂ ਨਹੀਂ ਖਦੇੜ ਸਕਦੇ।
ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਹਮੇਸ਼ਾ ਠੰਢ ਵਿੱਚ ਹੀ ਆਪਣੀਆਂ ਫ਼ਸਲਾਂ ਉਗਾਉਂਦੇ ਹਨ ਅਤੇ ਕੱਟਦੇ ਹਨ। ਇਸ ਲਈ ਉਨ੍ਹਾਂ ਨੂੰ ਠੰਢ ਦੀ ਕੋਈ ਪਰਵਾਹ ਨਹੀਂ ਹੈ। ਜਦੋਂ ਉਹ ਖੇਤਾਂ ਵਿੱਚ ਕੜਾਕੇ ਦੀ ਠੰਢ ਵਿੱਚ ਪਾਣੀ ਲਗਾ ਸਕਦੇ ਹਨ ਤਾਂ ਫਿਰ ਇਹ ਕਾਲੇ ਕਾਨੂੰਨ ਤਾਂ ਉਨ੍ਹਾਂ ਨੂੰ ਠੰਢ ਲੱਗਣ ਹੀ ਨਹੀਂ ਦੇ ਰਹੇ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।