ਤਰਨਤਾਰਨ: ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਚਰਚਾ 'ਚ ਆ ਗਈ ਹੈ।ਇੱਕ ਪਾਸੇ ਤਾਂ ਖੁਦ ਸਰਕਾਰ ਅਤੇ ਪੁਲਿਸ ਵੱਲੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਖੁਦ ਹੀ ਖ਼ਾਕੀ ਵਰਦੀ ਵਾਲੇ ਆਮ ਲੋਕਾਂ ਤੋਂ ਰਿਸ਼ਵਤ ਮੰਗਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਮਾਮਲਾ ਹਲਕਾ ਖੇਮਕਰਨ ਦੇ ਪਿੰਡ ਰਾਮ ਖਾਰਾ ਤੋਂ ਸਾਹਮਣੇ ਆਇਆ ਹੈ। ਜਿਸ ਕਾਰਨ ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਖ਼ਾਕੀ ਵਰਦੀ 'ਤੇ ਦਾਗ ਲੱਗ ਗਿਆ ਹੈ।
ਰਿਸ਼ਵਾ ਮੰਗਣ ਦੀ ਆਡੀਓ ਆਈ ਸਾਹਮਣੇ: ਦਰਆਸਲ ਪਿੰਡ ਰਾਮ ਖਾਰਾ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੋ ਧਿਰਾਂ 'ਚ ਝਗੜਾ ਹੋ ਜਾਂਦਾ ਹੈ। ਜਿਸ ਤੋਂ ਬਾਅਦ ਸਤਨਾਮ ਸਿੰਘ ਤੇ ਅਵਤਾਰ ਸਿੰਘ ਧਿਰ ਵੱਲੋਂ ਦੂਜੀ ਧਿਰ ਮਾਮਲਾ ਦਰਜ ਕਰਵਾਇਆ ਗਿਆ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੀ ਗ੍ਰਿਫ਼ਤਾਰੀ ਹੋਈ। ਜਿਸ ਨੂੰ ਲੈ ਕੇ ਜਦੋਂ ਵਾਰ-ਵਾਰ ਚੌਂਕੀ ਇੰਚਾਰਜ ਸਮੇਤ ਏ.ਐਸ.ਆਈ ਗੁਰਦਿਆਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਪੈਸੇ ਲੈਣ ਤੋਂ ਬਾਅਦ ਵੀ 26 ਦਾ ਪਰਚਾ ਹੋਣ ਦੇ ਬਾਵਜੂਦ ਕਿਸੇ 'ਤੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਪੀੜਤਾਂ ਵੱਲੋਂ ਇਸ ਆਡੀਓ ਨੂੰ ਵਾਇਰਲ ਕਰ ਦਿੱਤਾ ਗਿਆ।ਪੀੜਤਾਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦੇ ਆਖਿਆ ਕਿ ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਏ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇ।
ਪੁਲਿਸ ਮੁਲਜ਼ਾਮਾਂ 'ਤੇ ਕਾਰਵਾਈ: ਜਦੋਂ ਰਿਸ਼ਵਤ ਲੈਣ ਦੀ ਚੌਂਕੀ ਇੰਚਾਰਜ ਸਮੇਤ ਏ.ਐਸ.ਆਈ ਗੁਰਦਿਆਲ ਸਿੰਘ ਦੀ ਆਡੀਓ ਵਾਇਰਲ ਹੋਈ ਤਾਂ ਡੀ.ਐਸ.ਪੀ ਜਸਪਾਲ ਸਿੰਘ ਵੱਲੋਂ ਇਸ ਮਾਮਲੇ 'ਚ ਤੁਰੰਤ ਐਕਸ਼ਨ ਲਿਆ ਗਿਆ । ਡੀ.ਐਸ.ਪੀ. ਵੱਲੋਂ ਐਕਸ਼ਨ ਲੈਂਦੇ ਹੋਏ ਚੌਂਕੀ ਇੰਚਾਰਜ ਨਿਰਮਲ ਸਿੰਘ ਸਮੇਤ ਏ.ਐਸ.ਆਈ ਗੁਰਦਿਆਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।