ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਦੇ ਪਿਓਰੀ ਰੋਡ 'ਤੇ ਰਹਿਣ ਵਾਲੀ ਸੁਖਵਿੰਦਰ ਕੌਰ ਨੇ ਆਪਣੀ ਧੀ ਦੇ ਇਲਾਜ ਲਈ ਐਨਆਰਆਈ, ਸਰਕਾਰੀ ਸੰਸਥਾਵਾਂ ਤੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ।
ਸੁਖਵਿੰਦਰ ਕੌਰ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਹੀ ਲੰਬੀ ਬਿਮਾਰੀ ਤੋਂ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਉਸ ਦੇ ਪਤੀ ਦੀ ਮੌਤ ਮਗਰੋਂ ਉਸ ਦੀ 18 ਸਾਲਾਂ ਦੀ ਧੀ ਬਿਮਾਰ ਹੋ ਗਈ। ਉਸ ਦੀ ਧੀ ਪਿਛਲੇ 6 ਮਹੀਨੀਆਂ ਤੋਂ ਬਿਮਾਰ ਹੈ। ਸੁਖਵਿੰਦਰ ਨੇ ਦੱਸਿਆ ਕਿ ਉਹ ਆਪਣੀ ਧੀ ਦਾ ਕਈ ਹਸਪਤਾਲਾਂ 'ਚ ਇਲਾਜ ਕਰਵਾ ਚੁੱਕੀ ਹੈ, ਪਰ ਉਸ ਨੂੰ ਕੋਈ ਆਰਾਮ ਨਹੀਂ ਮਿਲ ਰਿਹਾ ਹੈ। ਗਰੀਬੀ ਦੇ ਕਾਰਨ ਉਹ ਆਪਣੇ 4 ਬੱਚਿਆਂ ਦੀ ਦੇਖਭਾਲ ਤੇ ਗੁਜ਼ਾਰਾ ਨਹੀਂ ਕਰ ਪਾ ਰਹੀ ਹੈ। ਚੰਗਾ ਇਲਾਜ ਨਾ ਦਵਾਉਣ ਦੇ ਚਲਦੇ ਉਸ ਧੀ ਦਿਨ-ਬ-ਦਿਨ ਕਮਜ਼ੋਰ ਹੋ ਰਹੀ ਹੈ। ਬਿਮਾਰੀ ਦੇ ਚਲਦੇ ਉਸ ਧੀ ਹੁਣ ਇਨ੍ਹੀਂ ਕੁ ਕਮਜ਼ੋਰ ਹੋ ਚੁੱਕੀ ਹੈ ਕਿ ਉਸ ਨੂੰ ਰੋਜ਼ਮਰਾ ਦੇ ਕੰਮਾਂ ਲਈ ਵੀ ਕਿਸੇ ਦੂਸਰੇ ਵਿਅਕਤੀ ਦੀ ਲੋੜ ਪੈਂਦੀ ਹੈ ਤੇ ਉਹ ਚੱਲਣ-ਫਿਰਨ 'ਚ ਵੀ ਅਸਮਰਥ ਹੋ ਗਈ ਹੈ।
ਸੁਖਵਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਵੀ ਉਹ ਆਪਣੇ ਪਤੀ ਤੇ ਧੀ ਦੇ ਇਲਾਜ ਲਈ ਗੁਆਂਢ ਦੇ ਲੋਕਾਂ ਤੇ ਰਿਸ਼ਤੇਦਾਰਾਂ ਕੋਲੋਂ ਕਰਜ਼ਾ ਲੈ ਚੁੱਕੀ ਹੈ। ਹੁਣ ਉਸ ਦੇ ਹਾਲਾਤ ਇੰਨੇ ਕੁ ਮਾੜੇ ਹੋ ਚੁੱਕੇ ਹਨ ਕਿ ਉਹ ਨਾ ਤਾਂ ਆਪਣਾ ਘਰ ਚਲਾ ਪਾ ਰਹੀ ਹੈ ਅਤੇ ਨਾ ਹੀ ਧੀ ਦਾ ਇਲਾਜ ਕਰਵਾ ਪਾ ਰਹੀ ਹੈ। ਉਨ੍ਹਾਂ ਦੇ ਘਰ 'ਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ। ਇਸ ਲਈ ਉਸ ਨੇ ਸਮਾਜ ਸੇਵੀ ਸੰਸਥਾਵਾਂ, ਆਮ ਲੋਕਾਂ, ਐਨਆਰਆਈ ਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਇਥੋਂ ਇੱਕ ਗੈਰ ਸਰਕਾਰੀ ਸੰਸਥਾ ਦੇ ਮੈਂਬਰ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਪੁੱਜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਜੋ ਵੀ ਹੋ ਸਕੇਗਾ, ਉਹ ਇਸ ਗਰੀਬ ਪਰਿਵਾਰ ਦੀ ਮਦਦ ਕਰਨਗੇ। ਉਨ੍ਹਾਂ ਹੋਰਨਾਂ ਲੋਕਾਂ ਨੂੰ ਬਿਮਾਰ ਲੜਕੀ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।