ਸੰਗਰੂਰ: ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਬੀਤੇ ਦਿਨ ਚੰਡੀਗੜ੍ਹ ਤੋਂ ਵਿਜੀਲੈਂਸ ਦੀ 4 ਮੈਂਬਰੀ ਟੀਮ ਨੇ ਅਚਾਨਕ ਛਾਪਾ ਮਾਰਿਆ। ਵਿਜੀਲੈਂਸ ਵਿਭਾਗ ਦੇ 4 ਮੈਬਰਾਂ ਦੀ ਟੀਮ ਜਿਨ੍ਹਾ ’ਚ ਸੁਧੀਰ ਸ਼ਰਮਾ ਸੀਨੀਅਰ ਵਿਜੀਲੈਂਸ ਅਫਸਰ ,ਈਸ਼ਾੰਤ ਗੋਇਲ ,ਅੰਕੁਸ਼ ਕੁਮਾਰ ਅਤੇ ਚਰਨਜੀਤ ਸਿੰਘ ਸ਼ਾਮਲ ਸਨ। ਇਸ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਵਿਅਕਤੀ ਦੁਆਰਾ ਸ਼ਿਕਾਇਤ ਦਿੱਤੀ ਗਈ ਸੀ ਕਿ ਸ਼ਹਿਰ ’ਚ ਇੱਕ ਨਾਜਾਇਜ ਬਿਲਡਿੰਗ ਦੀ ਬਿਨਾ ਨਕਸ਼ਾ ਪਾਸ ਕੀਤੇ ਉਸਾਰੀ ਹੋ ਰਹੀ ਹੈ। ਜਿਸ ਦਾ ਜਾਇਜ਼ਾ ਲੈਣ ਲਈ ਉਹ ਪਹੁੰਚੇ ਹਨ ਅਤੇ ਜਾਂਚ ਦੌਰਾਨ ਜੋ ਵੀ ਸਾਹਮਣੇ ਆਏਗਾ ਉਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨਗਰ ਕੌਂਸਲ ਵਾਲਿਆਂ ਨੂੰ ਬਣਦੀ ਫ਼ੀਸ ਭਰਨ ਉਪਰੰਤ ਹੀ ਸ਼ੁਰੂ ਕੀਤੀ ਗਈ ਹੈ ਉਸਾਰੀ: ਵਰਿੰਦਰ ਕੁਮਾਰ
ਇਸ ਬਿਲਡਿੰਗ ਦੇ ਮਾਲਕ ਵਰਿੰਦਰ ਕੁਮਾਰ ਨੇ ਦੱਸਿਆ ਕੇ ਓਹਨਾ ਨੇ ਇਹ ਬਿਲਡਿੰਗ ਪੂਰੀ ਨਕਸ਼ੇ ਦੇ ਮੁਤਾਬਿਕ ਹੀ ਬਣਾਈ ਹੈ ਅਤੇ ਇਸ ਦਾ ਉਹਨਾਂ ਨੇ 60,000 ਰੁਪਏ ਨਗਰ ਕੌਂਸਲ ਦੇ ਵਿਚ ਭਰੇ ਹੋਏ ਹਨ ਜਿਸ ਦੀ ਓਹਨਾ ਕੋਲ ਰਸੀਦ ਵੀ ਹੈ। ਪਰ ਸਰਕਾਰੀ ਫ਼ੀਸ ਭਰਨ ਦੇ ਬਾਵਜੂਦ ਉਨ੍ਹਾਂ ਨੂੰ ਨਗਰ ਕੌਂਸਲ ਵਲੋਂ ਨੋਟਿਸ ਭੇਜਿਆ ਗਿਆ ਹੈ।
ਵਿਭਾਗ ਵੱਲੋਂ ਮਾਲਕਾਂ ਨੂੰ ਭੇਜ ਦਿੱਤਾ ਗਿਆ ਹੈ ਨੋਟਿਸ: ਕਾਰਜ ਸਾਧਕ ਅਫ਼ਸਰ
ਇਸ ਸਾਰੇ ਘਟਨਾਕ੍ਰਮ ਬਾਰੇ ਜਦੋਂ ਕਾਰਜ ਸਾਧਕ ਅਫਸਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਸ਼ਹਿਰ ਵਿਚ ਇੱਕ ਨਾਜਾਇਜ ਬਿਲਡਿੰਗ ਤਿਆਰ ਹੋ ਰਹੀ ਹੈ ਜਿਸ ਦਾ ਨਕਸ਼ਾ ਨਹੀਂ ਹੈ। ਸੂਚਨਾ ਮਿਲਣ ਉਪਰੰਤ ਉਨ੍ਹਾਂ ਵਿਭਾਗ ਵੱਲੋਂ ਪਾਰਟੀ ਵਰਿੰਦਰ ਕੁਮਾਰ ਪੁੱਤਰ ਸੋਹਣ ਲਾਲ ਨੂੰ ਨੋਟਿਸ ਭੇਜ ਦਿਤਾ ਗਿਆ ਹੈ। ਜਿਸ ਵਿਚ ਮਿਉਂਸਿਪਲ ਐਕਟ 195 ਡੀ ਦੇ ਅਨੁਸਾਰ ਜੇ ਬਿਲਡਿੰਗ ਦਾ ਮਾਲਕ ਇਹ ਸਾਬਿਤ ਨਾ ਕਰ ਸਕਿਆ ਤਾਂ ਬਿਲਡਿੰਗ ਇਕ ਹਫਤੇ ਦੇ ਵਿਚ ਢਾਹ ਦਿਤੀ ਜਾਵੇਗੀ |
ਹੁਣ ਤਾਣੀ ਉਲਝੀ ਨਜ਼ਰ ਆ ਰਹੀ ਹੈ ਜਿੱਥੇ ਬਿਲਡਿੰਗ ਮਾਲਕ ਦੱਸ ਰਿਹਾ ਹੈ ਕਿ ਉਸਾਰੀ ਨਕਸ਼ਾ ਪਾਸ ਕਰਨ ਅਤੇ ਸਰਕਾਰੀ ਫ਼ੀਸ ਭਰਨ ਮਗਰੋਂ ਹੀ ਸ਼ੁਰੂ ਕੀਤੀ ਗਈ ਹੈ। ਦੂਜੇ ਪਾਸੇ ਸਰਕਾਰੀ ਅਫ਼ਸਰ ਨੋਟਿਸ ਭੇਜਣ ਦੀ ਪੁਸ਼ਟੀ ਕਰ ਰਹੇ ਹਨ। ਹੁਣ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਸੱਚਾ ਕੋਣ ਤੇ ਝੂਠਾ ਕੋਣ?