ਚੰਡੀਗੜ੍ਹ: ਪੰਜਾਬੀ ਫਿਲਮਾਂ ਨੂੰ ਅਲਹਦਾ ਅਤੇ ਮਿਆਰੀ ਸਿਰਜਨਾ ਦੇ ਰੰਗ ਦੇਣ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ ਨੌਜਵਾਨ ਫਿਲਮਕਾਰ ਜੱਸੀ ਮਾਨ, ਜਿੰਨ੍ਹਾਂ ਵੱਲੋਂ ਬਣਾਈ ਗਈ ਨਵੀਂ ਫਿਲਮ 'ਪੂਰਨਮਾਸ਼ੀ' ਬਠਿੰਡਾ ਫਿਲਮ ਫੈਸਟੀਵਲ ਲਈ ਚੁਣੀ ਗਈ ਹੈ, ਜੋ ਜਲਦ ਇਸ ਸਮਾਰੋਹ ਵਿੱਚ ਅਪਣੀ ਅਧਿਕਾਰਤ ਮੌਜ਼ੂਦਗੀ ਦਰਜ ਕਰਵਾਏਗੀ।
'ਬਠਿੰਡਾ ਫਿਲਮ ਫਾਊਡੈਸ਼ਨ' ਵੱਲੋਂ ਅਯੋਜਿਤ ਕਰਵਾਏ ਜਾ ਰਹੇ ਉਕਤ ਸਕ੍ਰੀਨਿੰਗ ਸਮਾਰੋਹ ਦਾ ਆਯੋਜਨ 08 ਦਸੰਬਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਰੋਜ਼ ਗਾਰਡਨ ਵਿਖੇ ਹੋਵੇਗਾ, ਜਿਸ ਦੌਰਾਨ ਕਈ ਹੋਰ ਬਿਹਤਰੀਨ ਫਿਲਮਾਂ ਅਤੇ ਸਿਨੇਮਾ ਸ਼ਖਸੀਅਤਾਂ ਵੀ ਇਸ ਦਾ ਹਿੱਸਾ ਬਣਨਗੀਆਂ।
'ਨਿਊ ਦੀਪ ਇੰਟਰਟੇਨਮੈਂਟ' ਅਤੇ '2 ਆਰ ਆਰ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ 'ਪੂਰਨਮਾਸ਼ੀ' ਦਾ ਨਿਰਦੇਸ਼ਨ ਜੱਸੀ ਮਾਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਜਿੱਥੇ ਬੇਸ਼ੁਮਾਰ ਬਿੱਗ ਸੈਟਅੱਪ ਪੰਜਾਬੀ ਫਿਲਮਾਂ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਜੁੜੇ ਰਹੇ ਹਨ, ਉੱਥੇ ਨਿਰਦੇਸ਼ਕ ਦੇ ਰੂਪ ਵਿੱਚ ਵੀ ਕਈ ਪ੍ਰਭਾਵਪੂਰਨ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਕੁਝ ਹੋਰ ਫਿਲਮਾਂ ਵੀ ਸੰਪੂਰਨਤਾ ਦੇ ਆਖਰੀ ਪੜਾਅ ਵੱਲ ਵੱਧ ਰਹੀਆਂ ਹਨ।
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਅਧਾਰਿਤ ਉਕਤ ਫਿਲਮ ਵਿੱਚ ਪੂਨਮ ਸੂਦ, ਜਿੰਮੀ ਸ਼ਰਮਾ ਅਤੇ ਪ੍ਰਿਤਪਾਲ ਪਾਲੀ ਜਿਹੇ ਮੰਝੇ ਹੋਏ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਸਪਿੰਦਰ ਸਿੰਘ ਸ਼ੇਰਗਿੱਲ ਵੱਲੋਂ ਲਿਖੀ ਇਸ ਭਾਵਨਾਤਮਕ ਫਿਲਮ ਦਾ ਸੰਗੀਤ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਅਧੀਨ ਰਚੇ ਗਏ ਗੀਤਾਂ ਨੂੰ ਪ੍ਰਭ ਰਾਠੌਰ ਵੱਲੋਂ ਅਪਣੀ ਅਵਾਜ਼ ਦਿੱਤੀ ਗਈ ਹੈ।
ਨਿਰਮਾਣ ਟੀਮ ਅਨੁਸਾਰ ਰੁੱਤਾਂ ਦੇ ਬਦਲਦੇ ਰੰਗਾਂ ਅਤੇ ਦਿਲੀ ਤਰੰਗਾਂ ਅਤੇ ਉਮੰਗਾਂ ਦੀ ਗੱਲ ਕਰਦੀ ਇਸ ਫਿਲਮ ਦੇ ਡੀਓਪੀ ਪੱਖ ਸ਼ਿਵਤਾਰ ਸ਼ਿਵ ਸੰਭਾਲੇ ਗਏ ਹਨ, ਜੋ ਅਣਗਿਣਤ ਪੰਜਾਬੀ ਫਿਲਮਾਂ ਨੂੰ ਕੈਮਰਾਮੈਨ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਖੂਬਸੂਰਤ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਇਹ ਵੀ ਪੜ੍ਹੋ: