ਮੋਹਾਲੀ: ਬਲੌਂਗੀ ਵਿੱਚ ਸਿੱਖ ਅਜਾਇਬ ਘਰ ਬਣਿਆ ਹੋਇਆ ਹੈ ਜਿਸ ਦੇ ਬੰਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਈਟੀਵੀ ਭਾਰਤ ਦੀ ਟੀਮ ਨੇ ਅਜਾਇਬ ਘਰ ਨੂੰ ਸਖ਼ਤ ਮਿਹਨਤ ਨਾਲ ਤਿਆਰ ਕਰਨ ਵਾਲੇ ਪਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਪਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜਾਇਬ ਘਰ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦਿਆਂ ਹੋਇਆਂ ਵੱਖ-ਵੱਖ ਪ੍ਰਕਾਰ ਦੇ ਸ਼ਹੀਦਾਂ ਦੇ ਨਮੂਨੇ ਬਣਾਏ ਗਏ ਹਨ, ਤਾਂ ਕਿ ਨੌਜਵਾਨ ਪੀੜ੍ਹੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਇਹ ਅਜਾਇਬ ਘਰ ਬੰਦ ਹੋਣ ਦੀ ਕਗਾਰ 'ਤੇ ਆ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਹੈ।
ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਹੱਕ-ਹਲਾਲ ਦੀ ਕਮਾਈ ਵਿੱਚ ਪੈਸੇ ਜੋੜ ਕੇ ਇਹ ਨਮੂਨੇ 20 ਸਾਲਾਂ ਦੀ ਮਿਹਨਤ ਕਰਨ ਤੋਂ ਬਾਅਦ ਤਿਆਰ ਕੀਤੇ ਹਨ ਤੇ ਉਹ ਪੇਸ਼ੇ ਵਜੋਂ ਇੱਕ ਸਕੂਟਰ ਮਕੈਨਿਕ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਮੰਤਰੀ ਆਉਂਦੇ ਹਨ ਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦੇ ਕੇ ਚਲੇ ਜਾਂਦੇ ਹਨ।
ਉੱਥੇ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਅਜਾਇਬ ਘਰ ਨੂੰ ਖ਼ਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਪਰਵਿੰਦਰ ਸਿੰਘ ਨੇ ਦੱਸਿਆ ਉਸ ਦਾ ਚੰਡੀਗੜ੍ਹ ਵਿਖੇ ਇੱਕ ਘਰ ਹੈ ਜਿਸ ਨੂੰ ਉਸ ਨੇ ਕਿਰਾਏ 'ਤੇ ਦਿੱਤਾ ਹੋਇਆ ਹੈ ਤੇ ਉਥੋਂ ਆਪਣਾ ਖ਼ਰਚਾ ਕੱਢ ਕੇ ਬਾਕੀ ਸਾਰਾ ਉਹ ਅਜਾਇਬ ਘਰ 'ਤੇ ਹੀ ਲਗਾ ਦਿੰਦਾ ਹੈ ਤਾਂ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨੌਜਵਾਨ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਅਜਾਇਬ ਘਰ ਬਣਾਉਣ ਲਈ ਜ਼ਮੀਨ ਨਹੀਂ ਦਿੱਤੀ ਗਈ ਤਾਂ ਉਹ ਇਹ ਥਾਂ ਨਹੀਂ ਖ਼ਾਲੀ ਕਰਨਗੇ। ਇਸ ਦੇ ਨਾਲ ਹੀ ਸਿੱਖ ਅਜਾਇਬ ਘਰ ਵਾਲੀ ਥਾਂ ਵੀ ਨਹੀਂ ਖ਼ਾਲੀ ਕਰਨਗੇ।
ਹੁਣ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੱਕ ਵਿਅਕਤੀ ਵੱਲੋਂ ਇਕੱਲੇ ਸਿੱਖ ਧਰਮ ਨੂੰ ਸਮਰਪਿਤ ਇੱਕ ਅਜਾਇਬ ਘਰ ਬਣਾਇਆ ਗਿਆ ਪਰ ਸਰਕਾਰ ਵੱਲੋਂ ਉਸ ਦੀ ਮਦਦ ਨਹੀਂ ਕੀਤੀ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗੀ ਕਿ ਕੀ ਸਰਕਾਰ ਪਰਵਿੰਦਰ ਸਿੰਘ ਦੀ ਮਦਦ ਕਰੇਗੀ?