ਮੋਹਾਲੀ : ਕੇਂਦਰ ਸਰਕਾਰ ਵੱਲੋਂ ਅੱਜ ਦੇਸ਼ ਭਰ 'ਚ ਕੋਵਿਡ -19 ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕੋਵਿਡ -19 ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ।
ਪੰਜਾਬ 'ਚ ਟੀਕਾਕਰਨ
ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਕੋਵਿਡ -19 ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਨੇ ਮੋਹਾਲੀ ਵਿਖੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਟੀਕਾਕਰਨ ਮੁਹਿੰਮ ਦੇ ਤਹਿਤ ਪਹਿਲੇ ਪੜਾਅ 'ਚ ਪੰਜਾਬ 'ਚ 1.74 ਲੱਖ ਸਿਹਤ ਕਰਮਚਾਰੀਆਂ ਦਾ ਵੈਕਸੀਨੇਸ਼ਨ ਹੋਵੇਗਾ। ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਫਰੰਟ ਲਾਈਨ ਵਰਕਰਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿੱਚ ਅਗਲੇ ਪੰਜ ਦਿਨਾਂ ਤੱਕ ਰੋਜਾਨਾ 40,000 ਸਿਹਤ ਕਾਮਿਆਂ ਨੂੰ ਟੀਕਾਕਰਨ ਮੁਹਿੰਮ ਹੇਠ ਕਵਰ ਕੀਤਾ ਜਾਵੇਗਾ।
ਮੈਂ ਖੁਸ਼ ਹਾਂ- ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ," ਮੈਂ ਬੇਹਦ ਖੁਸ਼ ਹਾਂ ਕਿ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਅਸੀਂ ਸਿਹਤ ਕਰਮਚਾਰੀਆਂ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ। ਇਹ ਹੋਰਨਾਂ ਲੋਕਾਂ ਤੱਕ ਵੀ ਪਹੁੰਚੇਗੀ। ਮੈਂ ਪ੍ਰਧਾਨ ਮੰਤਰੀ ਨੂੰ ਘੱਟ ਆਮਦਨੀ ਸਮੂਹਾਂ ਲਈ ਮੁਫ਼ਤ ਟੀਕੇ ਦੀ ਪਹੁੰਚਾਉਣ ਦੀ ਬੇਨਤੀ ਕਰਦਿਆਂ ਪੱਤਰ ਲਿਖਿਆ ਹੈ।"