ਰੂਪਨਗਰ : ਆਮ ਆਦਮੀ ਪਾਰਟੀ ਨੇ ਚੋਣਾਂ ਸਮੇ ਸਾਂਝੇ ਫਰੰਟ ਪੰਜਾਬ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਨ ਉਤੇ ਸਾਰੇ ਮਹਿਕਮਿਆਂ ਦੇ ਕੱਚੇ ਕਾਮੇ ਅਤੇ ਸਕੀਮ ਵਰਕਰ ਕਾਮਿਆਂ ਨੂੰ ਪਹਿਲੀ ਕੈਬਨਿਟ ਦੀ ਮੀਟਿੰਗ ਵਿੱਚ ਪੱਕਾ ਕੀਤਾ ਜਾਵੇਗਾ ਪਰ ਅਜਿਹਾ ਹੁਣ ਤੱਕ ਨਹੀਂ ਹੋਇਆ। ਇਸ ਦੇ ਵਿਰੋਧ ਵਿਚ ਫਰਵਰੀ 2023 ਨੂੰ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਕੀਤੀ ਜਾ ਰਹੀ ਹੈ। ਰੈਲੀ ਦੀ ਤਿਆਰੀ ਵਜੋਂ ਜ਼ਿਲ੍ਹਾ ਹੈਡ ਕੁਆਟਰ ਰੂਪਨਗਰ ਵਿਖੇ ਧਰਨਾ ਲਿਆ ਗਿਆ।
ਰੂਪਨਗਰ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ 19 ਫਰਵਰੀ ਨੂੰ ਸੈਕਟਰ 39 ਦਾਣਾ ਮੰਡੀ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਖਿਲਾਫ ਕੀਤੀ ਜਾ ਰਹੀ ਪੋਲ ਖੋਲ੍ਹ ਰੈਲੀ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਹੈੱਡ ਕੁਆਟਰ ਰੂਪਨਗਰ ਸਾਹਮਣੇ ਰਣਜੀਤ ਬਾਗ ਵਿਖੇ ਸੁਖਦੇਵ ਸਿੰਘ ਸੁਰਤਾਪੁਰੀ ਦੀ ਪ੍ਰਧਾਨਗੀ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਸਾਂਝੇ ਫਰੰਟ ਪੰਜਾਬ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਨ ਉਤੇ ਸਾਰੇ ਮਹਿਕਮਿਆਂ ਦੇ ਕੱਚੇ ਕਾਮੇ ਅਤੇ ਸਕੀਮ ਵਰਕਰ ਕਾਮਿਆਂ ਨੂੰ ਪਹਿਲੀ ਕੈਬਨਿਟ ਦੀ ਮੀਟਿੰਗ ਵਿੱਚ ਪੱਕਾ ਕੀਤਾ ਜਾਵੇਗਾ। ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜਲਦੀ ਹੱਲ ਕਰ ਦਿਤੀਆਂ ਜਾਣਗੀਆਂ।
ਇਹ ਹਨ ਮੰਗਾਂ : ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਛੇਵਾਂ ਤਨਖ਼ਾਹ ਕਮਿਸ਼ਨ ਸੋਧ ਕੇ 119 ਫੀਸਦੀ ਡੀਏ ਨਾਲ ਲਾਗੂ ਕੀਤਾ ਜਾਵੇਗਾ। ਪੈਨਸ਼ਨ ਸੋਧ 259 ਦੇ ਫਾਰਮੂਲੇ ਨਾਲ ਕੀਤੀ ਜਾਵੇਗੀ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪਰਖ ਕਾਲ ਪੂਰੀ ਤਨਖਾਹ ਨਾਲ ਕੀਤਾ ਜਾਵੇਗਾ। 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ। 37 ਕਿਸਮ ਦੇ ਬੰਦ ਕੀਤੇ ਭੱਤੇ ਅਤੇ ਏਸੀਪੀ ਆਦਿ ਬਹਾਲ ਕੀਤੇ ਜਾਣਗੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ 11 ਮਹੀਨਿਆਂ ਤੋਂ ਪੰਜਾਬ ਦੀ ਸੱਤਾ ਉਤੇ ਕਾਬਜ਼ ਹੋਣ ਦੇ ਬਾਵਜੂਦ ਵੀ ਇਨ੍ਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਕਰ ਸਕੀ, ਜਿਸ ਕਾਰਨ ਪੰਜਾਬ ਦੇ ਸਮੁੱਚੇ ਅਦਾਰਿਆਂ ਦੇ ਕਾਮਿਆਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : China Door Fury: ਖੂਨੀ ਡੋਰ ਦਾ ਕਹਿਰ, ਨੌਜਵਾਨ ਦਾ ਵੱਢਿਆ ਗਲ਼ਾ, ਹਾਲਤ ਗੰਭੀਰ...
ਮੰਗਾਂ ਦਾ ਹੱਲ ਕਰਨ 'ਚ ਨਾਕਾਮਯਾਬ ਰਹੀ ਸਰਕਾਰ : ਇਨ੍ਹਾਂ ਤਮਾਮ ਮੰਗਾਂ ਦਾ ਹੱਲ ਕਰਨ ਵਿੱਚ ਸਰਕਾਰ ਨਾਕਾਮਯਾਬ ਰਹੀ ਹੈ। ਅੱਜ ਦੇ ਇਸ ਧਰਨੇ ਵਿੱਚ ਸ਼ਾਮਲ ਆਗੂਆਂ ਰਜਿੰਦਰ ਮਹਿੰਗਾਈ ਭੱਤੇ ਦੀ 4 ਫੀਸਦੀ ਕਿਸ਼ਤ ਲਾਗੂ ਕਰ ਕੇ ਪਿਛਲਾ ਅਤੇ ਹੁਣ ਦਾ ਡੀਏ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਕੱਚੇ ਕਾਮੇ ਪੱਕੇ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਤਾਂ ਰੋਪੜ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਪੈਨਸ਼ਨਰ 19 ਫਰਵਰੀ ਦੇ ਚੰਡੀਗੜ੍ਹ ਪੋਲ ਖੋਲ੍ਹ ਰੈਲੀ ਵਿਚ ਸ਼ਮੂਲੀਅਤ ਕਰਨਗੇ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਰਣਜੀਤ ਬਾਗ ਤੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫਤਰ ਤੱਕ ਮਾਰਚ ਕਰ ਕੇ ਮੁੱਖ ਮੰਤਰੀ ਪੰਜਾਬ ਨੂੰ ਸੰਬੰਧਿਤ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਸੌਂਪਿਆ ਗਿਆ ਹੈ।