ਸ੍ਰੀ ਆਨੰਦਪੁਰ ਸਾਹਿਬ: ਪੰਜਾਬ ਦੇ ਮਾਝਾ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ, ਜਿਸ ਦੇ ਚੱਲਦਿਆਂ ਸੋਮਵਾਰ ਤੜਕਸਾਰ ਜਿੱਥੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਨੰਗਲ ਦੀਆਂ ਝੁੱਗੀ-ਝੌਂਪੜੀਆਂ ਵਿੱਚ ਛਾਪੇ ਮਾਰ ਕੇ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ, ਉੱਥੇ ਹੀ ਪੰਜਾਬ ਅਤੇ ਹਿਮਾਚਲ ਦੇ ਬਾਰਡਰ 'ਤੇ ਵਸੇ ਹੋਏ ਪਿੰਡ ਮਜਾਰੀ ਵਿਖੇ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ।
ਗੌਰਤਲਬ ਹੈ ਕਿ ਇਹ ਪਿੰਡ ਨਜਾਇਜ਼ ਸ਼ਰਾਬ ਕੱਢਣ ਲਈ ਲੰਬੇ ਅਰਸੇ ਤੋਂ ਮਸ਼ਹੂਰ ਹੈ ਅਤੇ ਇੱਥੋਂ ਤਕਰੀਬਨ ਦੋ ਲੱਖ ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਸੀ। ਸੋਮਵਾਰ ਤੜਕਸਾਰ ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਚਾਰ ਥਾਣਿਆਂ ਦੀ ਟੀਮ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਪੰਜਾਬ ਅਤੇ ਹਿਮਾਚਲ ਦੇ ਬਾਰਡਰ 'ਤੇ ਵਸੇ ਹੋਏ ਪਿੰਡ ਮਜਾਰੀ, ਜਿਸਦੇ ਨਾਲ ਲਗਦੇ ਪੰਜਾਬ ਦੇ ਪਿੰਡ ਥਲੂ ਦੇ ਚੋਅ ਆਦਿ ਵਿਖੇ ਵੀ ਪੁਲਿਸ ਵੱਲੋਂ ਛਾਪੇ ਦੌਰਾਨ 2000 ਲੀਟਰ ਲਾਹਣ, ਕੱਚੀ ਸ਼ਰਾਬ ਬਰਾਮਦ ਕਈ ਡਰੰਮ ਫੜੇ।
ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਕਾਫੀ ਦਿਨ ਤੋਂ ਉਨ੍ਹਾਂ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਇਸ ਇਲਾਕੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਚਲ ਰਿਹਾ ਹੈ, ਜਿਸ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।