ਰੋਪੜ: ਪੰਜਾਬ 'ਚ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਰੋਪੜ ਜ਼ਿਲ੍ਹੇ ਨੂੰ ਪਈ ਹੈ। ਭਾਰੀ ਤਬਾਹੀ ਮਗਰੋਂ ਬੇਸ਼ੱਕ ਮੌਸਮ ਤਾਂ ਸਾਫ਼ ਹੋਣ ਲੱਗ ਗਿਆ ਹੈ ਪਰ ਹੜ੍ਹ ਦੀ ਮਾਰ ਹੇਠ ਆਏ ਰੋਪੜ ਦੇ ਕਈ ਪਿੰਡ ਅਜੇ ਵੀ ਮੁਸੀਬਤਾਂ ਨਾਲ ਜੂਝ ਰਹੇ ਹਨ। ਇਥੇ ਕੁਦਰਤ ਦੀ ਅਜਿਹੀ ਮਾਰ ਪਈ ਕਿ ਸਭ ਕੁਝ ਬਰਬਾਦ ਕਰ ਗਈ। ਹਰ ਸਾਲ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹੜ੍ਹ ਨੇੜ੍ਹਲੇ ਖੇਤਰਾਂ 'ਚ ਆਉਂਦੇ ਰਹੇ ਹਨ। ਜਿਸ ਦਾ ਭੁਗਤਾਨ ਹਰ ਸਾਲ ਲੋਕਾਂ ਨੂੰ ਆਪਣਾ ਨੁਕਸਾਨ ਝੇਲ ਕੇ ਚੁਕਾਨਾ ਪੈ ਰਿਹਾ ਹੈ।
ਹੜ੍ਹਾਂ ਦੇ ਪਾਣੀ ਨੇ ਡੋਬੇ ਪਿੰਡ
ਸਤਲੁਜ ਦਰਿਆ ਦੇ ਵਿੱਚ ਭਾਖੜਾ ਡੈਮ ਵੱਲੋਂ ਪਾਣੀ ਛੱਡੇ ਜਾਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀ ਸਰਸਾ ਨਦੀ ਦਾ ਪਾਣੀ ਵੀ ਸਤਲੁਜ ਦਰਿਆ 'ਚ ਆ ਰਹੀ ਸੀ, ਜਿਸ ਕਾਰਨ ਰੋਪੜ ਦੇ ਦਰਿਆ ਕੰਢੇ ਵਸੇ ਪਿੰਡ ਪਾਣੀ ਦੀ ਚਪੇਟ 'ਚ ਆ ਗਏ ਹਨ। ਰੋਪੜ ਦੇ ਪਿੰਡਾਂ ਤੇ ਹੜ੍ਹਾਂ ਦੀ ਵੱਡੀ ਮਾਰ ਕਾਰਨ ਹਜ਼ਾਰਾਂ ਏਕੜ ਫਸਲ ਨੂੰ ਸੈਲਾਬ ਨੇ ਤਬਾਹ ਕਰ ਦਿੱਤਾ ਹੈ। ਘਰਾਂ ਵਿੱਚ ਪਾਣੀ ਭਰਿਆ ਹੋਇਆ ਹੈ। ਰੋਪੜ ਦੇ ਪਿੰਡਾਂ ਵਿੱਚ ਇਹ ਹਲਾਤ ਲਗਾਤਾਰ ਬਣੇ ਹੋਏ ਹਨ।
ਰੋਪੜ ਜ਼ਿਲ੍ਹੇ 'ਚ ਪੈਂਦੇ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਰੂਪਨਗਰ ਹੜ੍ਹ ਦੇ ਪਾਣੀ ਦੀ ਚਪੇਟ 'ਚ ਆਏ ਹੋਏ ਹਨ। ਪਿੰਡ ਦੇ ਕਈ ਘਰ ਢਹਿ ਢੇਰੀ ਹੋ ਗਏ ਹਨ। ਸ਼ਹਿਰ ਦੇ ਦਰਿਆ ਦੇ ਕੰਢੇ ਵੱਸਦੇ ਝੁੱਗੀ ਝੌਂਪੜੀ ਵਾਲੇ ਲੋਕ ਗਰੀਬ ਬੇਘਰ ਹੋ ਗਏ, ਉਨ੍ਹਾਂ ਦਾ ਸਭ ਕੁਝ ਹੜ੍ਹਾਂ ਨਾਲ ਰੁੜ੍ਹ ਗਿਆ ਹੈ।
ਇੱਕ ਸਵਾਲ...
ਈਟੀਵੀ ਭਾਰਤ ਇਹ ਸਮੇਂ ਦੀਆਂ ਸਰਕਾਰਾਂ ਨੂੰ ਤੇ ਉਨ੍ਹਾਂ ਅਫ਼ਸਰਸ਼ਾਹੀ ਨੂੰ ਸਵਾਲ ਕਰਦਾ ਹੈ ਕਿ ਹਰ ਸਾਲ ਸਤਲੁਜ ਦਰਿਆ ਦੇ ਵਿੱਚ ਬਰਸਾਤ ਦੇ ਪਾਣੀ ਅਤੇ ਨੰਗਲ ਡੈਮ ਵੱਲੋਂ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਰੂਪਨਗਰ ਜ਼ਿਲ੍ਹੇ ਨੂੰ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨੂੰ ਇਨ੍ਹਾਂ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ। ਪੰਜਾਬ ਸਰਕਾਰ ਇਨ੍ਹਾਂ ਹੜ੍ਹਾਂ ਨੂੰ ਕਾਬੂ ਕਰਨ ਵਾਸਤੇ ਕਦੋਂ ਕੋਈ ਠੋਸ ਪ੍ਰਬੰਧ ਕਰੇਗੀ, ਕਦੋਂ ਜਨਤਾ ਨੂੰ ਇਨ੍ਹਾਂ ਹੜ੍ਹਾਂ ਤੋਂ ਹੋਣ ਵਾਲੀ ਤਬਾਹੀ ਤੋਂ ਨਿਜਾਤ ਮਿਲੇਗਾ।